ਪ੍ਰੇਮੀ ਹੀ ਬਣਿਆ ਕਾਤਲ; ਪ੍ਰੇਮਿਕਾ ਨੂੰ ਗੋਲੀ ਮਾਰ ਉਤਾਰਿਆ ਮੌਤ ਦੇ ਘਾਟ!
ਪੱਛਮੀ ਦਿੱਲੀ ਦੇ ਪੰਜਾਬੀ ਬਾਗ ਇਲਾਕੇ ਵਿੱਚ ਸ਼ਨੀਵਾਰ ਨੂੰ ਇੱਕ 24 ਸਾਲਾ ਔਰਤ ਨੂੰ ਕਥਿਤ ਤੌਰ ’ਤੇ ਉਸਦੇ ਪ੍ਰੇਮੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਕਥਿਤ ਤੌਰ ’ਤੇ ਉਸ ਆਦਮੀ ਨੇ ਉਸੇ ਘਰ ਵਿੱਚ ਖੁਦ ਨੂੰ ਵੀ ਗੋਲੀ ਮਾਰ ਲਈ।
ਪੁਲੀਸ ਨੂੰ ਦੁਪਹਿਰ ਦੇ ਕਰੀਬ ਇੱਕ ਕਾਲ ਆਈ ਕਿ ਪੰਜਾਬੀ ਬਾਗ ਦੇ ਓਲਡ ਸਲੱਮ ਕੁਆਰਟਰਜ਼ ਦੇ ਇੱਕ ਘਰ ਵਿੱਚ ਦੋ ਲੋਕ ਜ਼ਖਮੀ ਹਾਲਤ ਵਿੱਚ ਪਏ ਹਨ।
ਪੁਲੀਸ ਨੇ ਦੱਸਿਆ ਕਿ ਇੱਕ ਕਮਰੇ ਵਿੱਚ ਮੁਸਕਾਨ ਨਾਮ ਦੀ ਔਰਤ (24) ਮੰਜੇ ’ਤੇ ਪਈ ਮਿਲੀ, ਜਿਸ ਦੇ ਸਿਰ ਵਿੱਚ ਗੋਲੀ ਲੱਗਣ ਦਾ ਨਿਸ਼ਾਨ ਸੀ। ਉਸ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਉਸੇ ਘਰ ਦੇ ਦੂਜੇ ਕਮਰੇ ਵਿੱਚ ਇੱਕ ਆਦਮੀ, ਜਿਸ ਦੀ ਪਛਾਣ ਨੀਰਜ (25) ਵਜੋਂ ਹੋਈ ਹੈ, ਮਿਲਿਆ, ਜਿਸ ਦੀ ਛਾਤੀ ’ਤੇ ਗੋਲੀ ਲੱਗੀ ਹੋਈ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਇਹ ਮਾਮਲਾ ਇੱਕ-ਪਾਸੜ ਪਿਆਰ (unrequited love) ਦਾ ਜਾਪਦਾ ਹੈ। ਪੁਲੀਸ ਮੋਬਾਈਲ ਕ੍ਰਾਈਮ ਟੀਮ ਅਤੇ ਫੋਰੈਂਸਿਕ ਸਾਇੰਸ ਲੈਬਾਰਟਰੀ (FSL) ਦੀ ਟੀਮ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਅਤੇ ਸੈਂਪਲ ਇਕੱਠੇ ਕੀਤੇ ਜਿਸ ਤੋਂ ਬਾਅਦ ਅੱਗੇ ਦੀ ਜਾਂਚ ਜਾਰੀ ਹੈ।
