ਦਿੱਲੀ ਫਾਇਰ ਸਰਵਿਸ ਵਿਭਾਗ ਨੂੰ ਦੀਵਾਲੀ ਦੀ ਰਾਤ ਅੱਗ ਲੱਗਣ ਸਬੰਧੀ 269 ਫੋਨ ਕਾਲਾਂ ਆਈਆਂ, ਜੋ ਪਿਛਲੇ ਸਾਲ ਦੇ 318 ਦੇ ਅੰਕੜੇ ਤੋਂ ਲਗਭਗ 15 ਫੀਸਦੀ ਘੱਟ ਹਨ। ਹਾਲਾਂਕਿ, ਇਹ ਅੰਕੜਾ ਪਿਛਲੇ 13 ਸਾਲਾਂ ਵਿੱਚੋਂ ਸਭ ਤੋਂ ਵੱਧ ਹੈ। ਇੱਕ ਸੀਨੀਅਰ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਖੁਸ਼ਕਿਸਮਤੀ ਨਾਲ ਇਸ ਸਾਲ ਦੀਵਾਲੀ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਕਿਸੇ ਦੀ ਜਾਨ ਜਾਣ ਜਾਂ ਕਿਸੇ ਦੇ ਗੰਭੀਰ ਜ਼ਖਮੀ ਹੋਣ ਸਮੇਤ ਕਿਸੇ ਵੱਡੀ ਘਟਨਾ ਦੀ ਕੋਈ ਸੂਚਨਾ ਨਹੀਂ ਮਿਲੀ। ਉਨ੍ਹਾਂ ਕਿਹਾ, ‘ਸਾਨੂੰ ਅੱਧੀ ਰਾਤ ਤੱਕ ਅੱਗ ਲੱਗਣ ਸਬੰਧੀ 269 ਫੋਨ ਆਏ, ਜਿਨ੍ਹਾਂ ਵਿੱਚੋਂ 122 ਕਾਲਾਂ ਪਟਾਕਿਆਂ ਨਾਲ ਸਬੰਧਤ ਸਨ। ਜ਼ਿਆਦਾਤਰ ਕਾਲਾਂ ਪਟਾਕਿਆਂ ਅਤੇ ਦੀਵਿਆਂ ਨਾਲ ਲੱਗੀ ਛੋਟੀ-ਮੋਟੀ ਅੱਗ ਨਾਲ ਜੁੜੀਆਂ ਸਨ।’
ਦਿੱਲੀ ਫਾਇਰ ਸਰਵਿਸ (ਡੀ.ਐੱਫ.ਐੱਸ.) ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵਿਭਾਗ ਪੂਰੇ ਤਿਉਹਾਰ ਦੌਰਾਨ ਹਾਈ ਅਲਰਟ ’ਤੇ ਸੀ ਅਤੇ ਸਾਰੇ ਫਾਇਰ ਸਟੇਸ਼ਨਾਂ ਅਤੇ ਤੁਰੰਤ ਕਾਰਵਾਈ ਕਰਨ ਵਾਲੀਆਂ ਟੀਮਾਂ ਨੂੰ ਪੂਰੇ ਸ਼ਹਿਰ ਵਿੱਚ ਤਾਇਨਾਤ ਕੀਤਾ ਗਿਆ ਸੀ। ਉਨ੍ਹਾਂ ਕਿਹਾ, ‘ਤਿਉਹਾਰਾਂ ਦੌਰਾਨ ਜਨਤਾ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪਹਿਲਾਂ ਹੀ ਯੋਜਨਾ ਬਣਾਈ ਗਈ ਸੀ। ਸਾਰੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਸਨ ਅਤੇ ਇਹ ਯਕੀਨੀ ਬਣਾਇਆ ਗਿਆ ਸੀ ਕਿ ਸਾਰੇ ਵਾਹਨਾਂ ਅਤੇ ਅੱਗ ਬੁਝਾਊ ਉਪਕਰਨਾਂ ਦੀ ਜਾਂਚ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਤੁਰੰਤ ਕਾਰਵਾਈ ਲਈ ਤਿਆਰ ਰੱਖਿਆ ਜਾਵੇ।’ ਅਧਿਕਾਰੀਆਂ ਅਨੁਸਾਰ ਇਸ ਸਾਲ ਐਮਰਜੈਂਸੀ ਫੋਨ ਕਾਲਾਂ ਦੀ ਸਭ ਤੋਂ ਵੱਧ ਗਿਣਤੀ ਸ਼ਾਮ 6 ਵਜੇ ਤੋਂ ਰਾਤ 11:59 ਵਜੇ ਦੇ ਵਿਚਕਾਰ ਰਹੀ, ਜਦੋਂ ਵਿਭਾਗ ਨੂੰ 176 ਕਾਲਾਂ ਆਈਆਂ।