ਕੌਮੀ ਰਾਜਧਾਨੀ ਦੀ ਵਿੱਤੀ ਹਾਲਤ ਹੋਈ ਡਾਵਾਂਡੋਲ
‘ਕੈਗ’ ਦੀ ਰਿਪੋਰਟ ਮੁਤਾਬਕ ਕੌਮੀ ਰਾਜਧਾਨੀ ਦਾ ਵਿੱਤੀ ਸਰਪਲੱਸ ਵਿੱਤੀ ਸਾਲ 2024 ਲਈ ਘਾਟੇ ’ਚ ਦਰਜ ਕੀਤਾ ਗਿਆ ਹੈ। ਕੰਪਟ੍ਰੋਲਰ ਅਤੇ ਆਡੀਟਰ ਜਨਰਲ ‘ਕੈਗ’ ਦੀ ਰਾਜ ਵਿੱਤ ਬਾਰੇ ਰਿਪੋਰਟ ਅਨੁਸਾਰ 2023-24 ਵਿੱਚ ਦਿੱਲੀ ਦਾ ਮਾਲੀਆ ਸਰਪਲੱਸ 55 ਫ਼ੀਸਦ ਤੋਂ ਵੱਧ ਘੱਟ ਗਿਆ ਹੈ। ਮਾਲੀਆ ਸਰਪਲੱਸ ਪਿਛਲੇ ਸਾਲ ਦੇ 14,457 ਕਰੋੜ ਰੁਪਏ ਤੋਂ ਘੱਟ ਕੇ 6,462 ਕਰੋੜ ਰੁਪਏ ਹੋ ਗਿਆ। ਵਿੱਤੀ ਸੰਤੁਲਨ ਵਿੱਚ ਵੀ ਕਾਫ਼ੀ ਗਿਰਾਵਟ ਆਈ ਕਿਉਂਕਿ 2022-23 ਵਿੱਚ 4,566 ਕਰੋੜ ਦਾ ਸਰਪਲੱਸ 2023-24 ਵਿੱਚ 3,934 ਕਰੋੜ ਦੇ ਵਿੱਤੀ ਘਾਟੇ ਵਿੱਚ ਬਦਲ ਗਿਆ ਜੋ ਕਿ 186 ਫ਼ੀਸਦੀ ਗਿਰਾਵਟ ਹੈ। ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਦਿੱਲੀ ਵਿਧਾਨ ਸਭਾ ਵਿੱਚ ਰਿਪੋਰਟ ਪੇਸ਼ ਕੀਤੀ ਜਿਸ ਵਿੱਚ ਕੇਜਰੀਵਾਲ ਅਤੇ ਆਤਿਸ਼ੀ ਦੀ ਸਰਕਾਰ ਦੀ ਕਾਰਗੁਜ਼ਾਰੀ ਉੱਪਰ ਸਵਾਲ ਖੜ੍ਹੇ ਕੀਤੇ ਗਏ ਹਨ। ਰਿਪੋਰਟ ਮੁਤਾਬਕ ਮੌਜੂਦਾ ਕੀਮਤਾਂ ‘ਤੇ ਕੁੱਲ ਰਾਜ ਘਰੇਲੂ ਉਤਪਾਦ ਪਿਛਲੇ ਸਾਲ ਦੇ ਮੁਕਾਬਲੇ 2023-24 ਵਿੱਚ 9.2% ਵਧਿਆ ਹੈ। ਪਿਛਲੇ ਪੰਜ ਸਾਲਾਂ ਵਿੱਚ, ਦਿੱਲੀ ਨੇ ਔਸਤ ਵਿਕਾਸ ਦਰ 8.8% ਦਰਜ ਕੀਤੀ ਜੋ ਕਿ 2019-20 ਵਿੱਚ 7.9 ਲੱਖ ਕਰੋੜ ਤੋਂ ਵੱਧ ਕੇ 2023-24 ਵਿੱਚ 11.1 ਲੱਖ ਕਰੋੜ ਹੋ ਗਈ। ਇਸੇ ਸਮੇਂ ਦੌਰਾਨ, ਬਜਟ ਖਰਚ 64,180.7 ਕਰੋੜ ਤੋਂ ਵੱਧ ਕੇ ਔਸਤਨ 7.1% ਸਾਲਾਨਾ ਦਰ ਨਾਲ 81,918.2 ਕਰੋੜ ਹੋ ਗਿਆ। ਦਿੱਲੀ ਦਾ ਪੂੰਜੀ ਖਰਚ 2019-20 ਅਤੇ 2023-24 ਦੇ ਵਿਚਕਾਰ ਲਗਾਤਾਰ ਜੀਐੱਸਡੀਪੀ ਦੇ 1% ਤੋਂ ਹੇਠਾਂ ਰਿਹਾ। 2023-24 ਵਿੱਚ ਪਿਛਲੇ ਸਾਲ ਦੇ ਮੁਕਾਬਲੇ ਪੂੰਜੀਗਤ ਖਰਚ ਵਿੱਚ 15% ਦੀ ਗਿਰਾਵਟ ਆਈ।