ਮੋਦੀ ਦੇ ਫੈਸਲਿਆਂ ਕਰਕੇ Operation Sindoor ਦੌਰਾਨ ਦੇਸ਼ ਨੂੰ ਨੁਕਸਾਨ ਝੱਲਣਾ ਪਿਆ: ਕਾਂਗਰਸ
ਉਬੀਰ ਨਾਕੁਸ਼ਬੰਦੀ
ਨਵੀਂ ਦਿੱਲੀ, 1 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਲਕ ਤੋਂ ਸ਼ੁਰੂ ਹੋ ਰਹੇ 8 ਰੋਜ਼ਾ ਪੰਜ ਮੁਲਕੀ ਦੌਰੇ ਤੋਂ ਪਹਿਲਾਂ ਮੁੱਖ ਵਿਰੋਧੀ ਧਿਰ ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ 'ਤੇ ਇਹ ਕਹਿੰਦੇ ਹੋਏ ਤਨਜ਼ ਕੱਸਿਆ ਕਿ ਉਹ ਦੇਸ਼ ਨੂੰ ਦਰਪੇਸ਼ ਮੁੱਦਿਆਂ ਤੋਂ ‘ਭੱਜ’ ਰਹੇ ਹਨ। ਕਾਂਗਰਸ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਵੱਲੋਂ ਲਏ ਫੈਸਲਿਆਂ ਕਰਕੇ ‘Operation Sindoor’ ਦੇ ਪਹਿਲੇ ਦੋ ਦਿਨਾਂ ਵਿਚ ਭਾਰਤ ਨੂੰ ਨੁਕਸਾਨ ਝੱਲਣਾ ਪਿਆ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ ’ਤੇ ਇਕ ਪੋਸਟ ਵਿਚ ਪ੍ਰਧਾਨ ਮੰਤਰੀ ਦੇ ਪੰਜ ਮੁਲਕੀ ਦੌਰੇ ਨੂੰ ਸੈਰ-ਸਪਾਟਾ ਦੱਸਿਆ।
ਰਮੇਸ਼ ਨੇ ਕਿਹਾ, ‘‘ਸੁਪਰ ਪ੍ਰੀਮੀਅਮ ਫ੍ਰੀਕੁਐਂਟ ਫਲਾਇਰ ਪੀਐੱਮ 5-ਦੇਸ਼ਾਂ, 8-ਦਿਨਾਂ ਦੀ ਯਾਤਰਾ ’ਤੇ ਹਨ। ਉਹ ਘੱਟੋ-ਘੱਟ 4 ਮੁੱਦਿਆਂ ਤੋਂ ਭੱਜ ਰਹੇ ਹਨ, ਜੋ ਦੇਸ਼ ਨੂੰ ਪ੍ਰੇਸ਼ਾਨ ਕਰ ਰਹੇ ਹਨ।’’ ਕਾਂਗਰਸੀ ਸੰਸਦ ਮੈਂਬਰ ਨੇ ਮਨੀਪੁਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ‘‘ਜਦੋਂ ਤੋਂ ਰਾਜ ਵਿੱਚ ਡਬਲ ਇੰਜਣ ਲੀਹੋਂ ਲੱਥਿਆ ਹੈ ਅਤੇ ਜਦੋਂ ਤੋਂ ਰਾਜ ਵਿੱਚ ਆਮ ਜੀਵਨ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ, ਪ੍ਰਧਾਨ ਮੰਤਰੀ ਉਦੋਂ ਦੇ ਉਥੇ ਨਹੀਂ ਗਏ ਹਨ।’’ ਰਮੇਸ਼ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਵੱਲੋਂ ਲਏ ਫੈਸਲਿਆਂ ਕਰਕੇ Operation Sindoor ਦੇ ਪਹਿਲੇ ਦੋ ਦਿਨਾਂ ਵਿਚ ਭਾਰਤ ਨੂੰ ਵੱਡਾ ਨੁਕਸਾਨ ਝੱਲਣ ਪਿਆ। ਰਮੇਸ਼ ਨੇ ਕਿਹਾ, ‘‘ਰੱਖਿਆ ਅਧਿਕਾਰੀਆਂ ਵੱਲੋਂ ਕੀਤੇ ਗਏ ਖੁਲਾਸੇ ਮੁਤਾਬਕ ਪ੍ਰਧਾਨ ਮੰਤਰੀ ਦੇ ਫੈਸਲਿਆਂ ਕਾਰਨ Operation Sindoor ਦੇ ਪਹਿਲੇ ਦੋ ਦਿਨਾਂ ਵਿੱਚ ਭਾਰਤ ਨੂੰ ਉਲਟਾ ਨੁਕਸਾਨ ਝੱਲਣਾ ਪਿਆ।’’
ਰਮੇਸ਼ ਨੇ ਵਪਾਰ ਦੀ ਧਮਕੀ ਦਾ ਇਸਤੇਮਾਲ ਕਰਕੇ ਭਾਰਤ ਤੇ ਪਾਕਿਸਤਾਨ ਦਰਮਿਆਨ ਜੰਗਬੰਦੀ ਕਰਵਾਉਣ ਦੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਾਅਵਿਆਂ ’ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ, ‘‘ਰਾਸ਼ਟਰਪਤੀ ਟਰੰਪ ਲਗਾਤਾਰ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਵਪਾਰ ਸਮਝੌਤੇ ਦਾ ਇਸਤੇਮਾਲ ਕਰਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਕਰਵਾਈ ਹੈ।’’ ਉਨ੍ਹਾਂ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਸਰਕਾਰ 70 ਦਿਨਾਂ ਬਾਅਦ ਵੀ ਪਹਿਲਗਾਮ ਦਹਿਸ਼ਤੀ ਹਮਲੇ ਦੇ ਕਸੂਰਵਾਰਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਖੜ੍ਹਾਉਣ ਵਿੱਚ ਨਾਕਾਮ ਰਹੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਤੋਂ 9 ਜੁਲਾਈ ਤੱਕ ਆਪਣੇ ਵਿਦੇਸ਼ ਦੌਰੇ ਦੌਰਾਨ ਘਾਨਾ, ਤ੍ਰਿਨੀਦਾਦ ਅਤੇ ਟੋਬੈਗੋ, ਅਰਜਨਟੀਨਾ, ਬ੍ਰਾਜ਼ੀਲ ਅਤੇ ਨਾਮੀਬੀਆ - ਜਾਣਗੇ। ਇਸ ਦੌਰੇ ਦਾ ਮੁੱਖ ਪ੍ਰੋਗਰਾਮ 6-7 ਜੁਲਾਈ ਨੂੰ ਰੀਓ ਡੀ ਜਨੇਰੀਓ (ਬ੍ਰਾਜ਼ੀਲ) ਵਿੱਚ ‘ਬ੍ਰਿਕਸ’ ਸੰਮੇਲਨ ਹੋਵੇਗਾ। -ਪੀਟੀਆਈ