ਸਿੱਖ ਜਰਨੈਲਾਂ ਦੇ ਬੁੱਤਾਂ ਵਾਲੇ ਪਾਰਕ ਦੀ ਹਾਲਤ ਮਾੜੀ
ਟੁੱਟੇ ਫੁੱਟਪਾਥ ਅਤੇ ਬਦਰੰਗ ਹੋਏ ਪੱਥਰ ਕਰ ਰਹੇ ਨੇ ਵਿਰਾਸਤ ਦੀ ਬੇਕਦਰੀ; ‘ਆਪ’ ਵਿਧਾਇਕ ਜਰਨੈਲ ਸਿੰਘ ਨੇ ਤੁਰੰਤ ਮੁਰੰਮਤ ਕਰਵਾਉਣ ਦੀ ਕੀਤੀ ਮੰਗ
ਪੱਛਮੀ ਦਿੱਲੀ ਦੇ ਸੁਭਾਸ਼ ਨਗਰ ਮੈਟਰੋ ਸਟੇਸ਼ਨ ਦੇ ਸਾਹਮਣੇ ਸਥਿਤ ਇਤਿਹਾਸਕ ਪਾਰਕ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਇਸ ਪਾਰਕ ਵਿੱਚ ਤਿੰਨ ਮਹਾਨ ਸਿੱਖ ਜਰਨੈਲਾਂ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ ਅਤੇ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੇ ਬੁੱਤ ਸਥਾਪਿਤ ਹਨ। ਇਸ ਤਿਕੋਣੀ ਪਾਰਕ ਦਾ ਫੁੱਟਪਾਥ ਥਾਂ-ਥਾਂ ਤੋਂ ਉਖੜ ਗਿਆ ਹੈ ਅਤੇ ਪਾਰਕ ਦੀ ਚਾਰ-ਦੀਵਾਰੀ ’ਤੇ ਲਾਇਆ ਗਿਆ ਪੱਥਰ ਵੀ ਬਦਰੰਗ ਹੋ ਕੇ ਆਪਣੀ ਚਮਕ ਗੁਆ ਚੁੱਕਾ ਹੈ, ਜੋ ਕਿ ਇਨ੍ਹਾਂ ਮਹਾਨ ਨਾਇਕਾਂ ਦੀ ਵਿਰਾਸਤ ਦਾ ਨਿਰਾਦਰ ਹੈ। ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਤਿਲਕ ਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਨੇ ਪਾਰਕ ਦੀ ਤੁਰੰਤ ਮੁਰੰਮਤ ਕਰਵਾਉਣ ਅਤੇ ਇਸ ਦੀ ਸੁੰਦਰਤਾ ਨੂੰ ਬਹਾਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਤੁਰੰਤ ਇਸ ਦੀ ਸਾਂਭ-ਸੰਭਾਲ ਵੱਲ ਧਿਆਨ ਦੇਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਇਹ ਪਾਰਕ ਅਤੇ ਇਸ ਵਿੱਚ ਲੱਗੇ ਬੁੱਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਥਾਪਿਤ ਕੀਤੇ ਗਏ ਸਨ। ਇਹ ਬੁੱਤ ਉਨ੍ਹਾਂ ਤਿੰਨ ਸਿੱਖ ਜਰਨੈਲਾਂ ਦੀ ਯਾਦ ਵਿੱਚ ਬਣਾਏ ਗਏ ਸਨ, ਜਿਨ੍ਹਾਂ ਨੇ 1783 ਵਿੱਚ ਦਿੱਲੀ ਦੇ ਲਾਲ ਕਿਲ੍ਹੇ ’ਤੇ ਫਤਹਿ ਹਾਸਲ ਕੀਤੀ ਸੀ ਅਤੇ ਉੱਥੇ ਕੇਸਰੀ ਨਿਸ਼ਾਨ ਸਾਹਿਬ ਝੁਲਾਇਆ ਸੀ। ਇਨ੍ਹਾਂ ਮਹਾਨ ਯੋਧਿਆਂ ਦੀਆਂ ਮੂਰਤੀਆਂ ਨੂੰ ਸਥਾਪਿਤ ਕਰਨ ਲਈ ਉਸ ਸਮੇਂ ਪ੍ਰਧਾਨ ਮੰਤਰੀ ਦਫ਼ਤਰ, ਰੱਖਿਆ ਮੰਤਰਾਲੇ ਅਤੇ ਸੱਭਿਆਚਾਰ ਮੰਤਰਾਲੇ ਤੋਂ ਵਿਸ਼ੇਸ਼ ਪ੍ਰਵਾਨਗੀਆਂ ਲਈਆਂ ਗਈਆਂ ਸਨ। ਪਰ ਹੁਣ ਇੰਨੇ ਉੱਚ-ਪੱਧਰੀ ਯਤਨਾਂ ਤੋਂ ਬਾਅਦ ਸਥਾਪਿਤ ਹੋਈ ਇਸ ਇਤਿਹਾਸਕ ਯਾਦਗਾਰ ਦੀ ਸਾਂਭ-ਸੰਭਾਲ ਵਿੱਚ ਹੋ ਰਹੀ ਲਾਪਰਵਾਹੀ ਕਈ ਸਵਾਲ ਖੜ੍ਹੇ ਕਰਦੀ ਹੈ।