ਆਈਟੀਓ ਨੇੜੇ ਬਣੇ ‘ਸ਼ਹੀਦੀ ਪਾਰਕ’ ਨੂੰ ਦਰਸ਼ਕਾਂ ਦਾ ਮੱਠਾ ਹੁੰਗਾਰਾ
ਨਵੀਂ ਦਿੱਲੀ (ਪੱਤਰ ਪ੍ਰੇਰਕ): ਆਈਟੀਓ ਨੇੜੇ ਬਣੇ ‘ਸ਼ਹੀਦੀ ਪਾਰਕ’ ਨੂੰ ਦਰਸ਼ਕਾਂ ਦਾ ਮੱਠਾ ਹੁੰਗਾਰਾ ਮਿਲਿਆ ਹੈ ਤੇ ਉਮੀਦ ਤੋਂ ਘੱਟ ਲੋਕ ਇਸ ਅਜਾਇਬ ਘਰ ਬਾਗ਼ ਨੂੰ ਦੇਖਣ ਆ ਰਹੇ ਹਨ। ਇਸ ਪਾਰਕ ਵਿੱਚ ਦੇਸ਼ ਲਈ ਕੁਰਬਾਨ ਹੋਣ ਵਾਲਿਆਂ ਦੀ ਗਾਥਾ ਉਲੀਕੀ ਗਈ ਹੈ ਤੇ ਇਹ ਬਣਾਇਆ ਵੀ ਕਬਾੜਾ ਹੋ ਚੁੱਕੀਆਂ ਲੋਹੇ ਦੀਆਂ ਚੀਜ਼ਾਂ ਤੋਂ ਹੈ। ਇਸ ਤੋਂ ਪਹਿਲਾਂ ਸਰਾਏ ਕਾਲੇ ਥਾਂ ਦੇ ਅੰਤਰਰਾਜੀ ਬੱਸ ਅੱਡੇ ਕੋਲ ‘ਵੇਸਟ ਟੂ ਵੰਡਰ’ ਤੇ ਪੰਜਾਬੀ ਬਾਗ਼ ਵਿੱਚ ‘ਭਾਰਤ ਦਰਸ਼ਨ ਪਾਰਕ’ ਇਸੇ ਤਰ੍ਹਾਂ ਨਾਕਾਰਾ ਚੀਜ਼ਾਂ ਤੋਂ ਬਣਾਏ ਗਏ ਸਨ। ਇਨ੍ਹਾਂ ਦੋਨਾਂ ਥਾਵਾਂ ਨੂੰ ਦੇਖਣ ਵਾਲਿਆਂ ਦੇ ਅਨੁਪਾਤ ਅਨੁਸਾਰ ‘ਸ਼ਹੀਦੀ ਪਾਰਕ’ ਨੂੰ ਦੇਖਣ ਵਾਲਿਆਂ ਦੀ ਕਮੀ ਹੈ। ਕਈ ਦਰਸ਼ਕਾਂ ਨੇ ਦੱਸਿਆ ਕਿ ਇਸ ਦੀ ਟਿਕਟ 100 ਰੁਪਏ ਹੈ ਜੋ ਜ਼ਿਆਦਾ ਹੈ। ਪਾਰਕ ਐਨਾ ਵੱਡਾ ਨਹੀਂ ਕਿ ਬਹੁਤੀ ਦੇਰ ਦੇਖਿਆ ਜਾ ਸਕੇ। ਦੇਸ਼ ਦੇ ਪਹਿਲੇ ਖੁੱਲ੍ਹੇ ਅਜਾਇਬ ਘਰ ਦਾ ਉਦਘਾਟਨ 8 ਅਗਸਤ ਨੂੰ ਕੀਤਾ ਗਿਆ ਸੀ। ਇਸ ਵਿੱਚ ਆਜ਼ਾਦੀ ਸੰਘਰਸ਼ ਨਾਲ ਜੁੜੀਆਂ ਸ਼ਖ਼ਸੀਅਤਾਂ ਨੂੰ ਉਕੇਰਿਆ ਗਿਆ ਹੈ। ਕਈ ਲੋਕਾਂ ਨੇ ਦੱਸਿਆ ਕਿ ਆਈਟੀਓ ਇਲਾਕਾ ਜਾਮਾਂ ਵਿੱਚ ਘਿਰਿਆ ਰਹਿੰਦਾ ਹੈ ਜਿਸ ਕਰ ਕੇ ਇੱਥੇ ਆਉਣ ਤੋਂ ਲੋਕ ਕਤਰਾਉਂਦੇ ਹਨ। ਐਤਵਾਰ ਨੂੰ ਟਿਕਟ ਹੋਰ ਵੀ ਮਹਿੰਗੀ ਹੈ। ਅਧਿਕਾਰੀ ਘੱਟ ਦਰਸ਼ਕਾਂ ਦਾ ਅਸਰ ਗਰਮੀ ਤੇ ਹੁੰਮਸ ਹੋਣਾ ਦੱਸ ਰਹੇ ਹਨ।