ਥਾਈਲੈਂਡ ਵੱਲੋਂ ਲੂਥਰਾ ਭਰਾਵਾਂ ਨੂੰ ਭਾਰਤ ਭੇਜਣ ਦੀ ਪ੍ਰਕਿਰਿਆ ਸ਼ੁਰੂ
Thai authorities initiating process to send back Luthra brothers to India ਥਾਈਲੈਂਡ ਦੇ ਅਧਿਕਾਰੀਆਂ ਨੇ ਗੋਆ ਨਾਈਟ ਕਲੱਬ ਦੇ ਮਾਲਕਾਂ ਗੌਰਵ ਲੂਥਰਾ ਅਤੇ ਸੌਰਭ ਲੂਥਰਾ ਨੂੰ ਦੇਸ਼ ਵਿਚੋਂ ਡਿਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਗੋਆ ਦੇ ਨਾਈਟ ਕਲੱਬ ਵਿਚ 6 ਦਸੰਬਰ ਨੂੰ ਅੱਗ ਲੱਗਣ ਕਾਰਨ 25 ਲੋਕ ਮਾਰੇ ਗਏ ਸਨ।
ਭਾਰਤੀ ਅਧਿਕਾਰੀਆਂ ਨੇ ਦੱਸਿਆ ਕਿ ਬੈਂਕਾਕ ਵਿੱਚ ਭਾਰਤੀ ਦੂਤਾਵਾਸ ਇਸ ਮਾਮਲੇ ਵਿੱਚ ਥਾਈ ਅਧਿਕਾਰੀਆਂ ਨਾਲ ਸੰਪਰਕ ਵਿੱਚ ਹੈ।
ਦੂਤਾਵਾਸ ਦੇ ਦਖਲ ਤੋਂ ਬਾਅਦ ਲੂਥਰਾ ਭਰਾਵਾਂ ਨੂੰ ਫੁਕੇਟ ਵਿੱਚ ਥਾਈ ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਲਿਆ ਸੀ। ਸੂਤਰਾਂ ਨੇ ਦੱਸਿਆ ਕਿ ਥਾਈ ਅਧਿਕਾਰੀ ਇਸ ਸਮੇਂ ਸਥਾਨਕ ਕਾਨੂੰਨਾਂ ਅਨੁਸਾਰ ਕਾਰਵਾਈ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਉੱਤਰੀ ਗੋਆ ਵਿੱਚ ਬਿਰਚ ਬਾਏ ਰੋਮੀਓ ਲੇਨ ਨਾਈਟ ਕਲੱਬ ਦੇ ਦੋਵੇਂ ਮਾਲਕ ਅੱਗ ਲੱਗਣ ਦੀ ਘਟਨਾ ਤੋਂ ਥੋੜ੍ਹੀ ਦੇਰ ਬਾਅਦ ਥਾਈਲੈਂਡ ਦੇ ਫੁਕੇਟ ਲਈ ਰਵਾਨਾ ਹੋ ਗਏ ਸਨ। ਉਨ੍ਹਾਂ ਵਿਰੁੱਧ ਇੰਟਰਪੋਲ ਬਲਿਊ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ ਦਿੱਲੀ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ ਦੋਵਾਂ ਨੂੰ ਗ੍ਰਿਫ਼ਤਾਰੀ ਤੋਂ ਕੋਈ ਅੰਤਰਿਮ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਅਦਾਲਤ ਵਿੱਚ ਲੂਥਰਾ ਦੇ ਵਕੀਲ ਨੇ ਉਨ੍ਹਾਂ ਦੇ ਫਰਾਰ ਹੋਣ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਦਾਅਵਾ ਕੀਤਾ ਕਿ ਇਹ ਦੋਵੇਂ ਕਾਰੋਬਾਰੀ ਮੀਟਿੰਗ ਲਈ ਥਾਈਲੈਂਡ ਗਏ ਸਨ। ਉਨ੍ਹਾਂ ਕਿਹਾ ਕਿ ਇਹ ਦੋਵੇਂ ਭਰਾ ਕਲੱਬ ਦੇ ਅਸਲ ਮਾਲਕ ਨਹੀਂ ਹਨ ਬਲਕਿ ਉਨ੍ਹਾਂ ਨੇ ਕਲੱਬ ਚਲਾਉਣ ਦਾ ਲਾਇਸੈਂਸ ਲਿਆ ਸੀ। ਗੋਆ ਪੁਲੀਸ ਨੇ ਇਸ ਮਾਮਲੇ ਵਿਚ ਪੰਜ ਮੈਨੇਜਰਾਂ ਅਤੇ ਸਟਾਫ ਮੈਂਬਰਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਪੀ.ਟੀ.ਆਈ.
