ਛਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਅੱਜ ਛੇ ਔਰਤਾਂ ਸਣੇ ਦਸ ਨਕਸਲੀਆਂ ਨੇ ਆਤਮ ਸਮਰਪਣ ਕੀਤਾ। ਇਨ੍ਹਾਂ ਸਾਰੇ ਨਕਸਲੀਆਂ ’ਤੇ ਕੁੱਲ 33 ਲੱਖ ਰੁਪਏ ਦਾ ਇਨਾਮ ਸੀ।
ਪੁਲੀਸ ਸੁਪਰਡੈਂਟ ਕਿਰਨ ਚਵਾਨ ਨੇ ਕਿਹਾ ਕਿ ਇਸ ਸਾਲ ਜ਼ਿਲ੍ਹੇ ਵਿੱਚ ਕੁੱਲ 263 ਨਕਸਲੀ ਹਿੰਸਾ ਛੱਡ ਕੇ ਮੁੱਖ ਧਾਰਾ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪੁਲੀਸ ਦੀ ਪੁਨਰਵਾਸ ਪਹਿਲਕਦਮੀ ਤਹਿਤ ਸੀਨੀਅਰ ਪੁਲੀਸ, ਕੇਂਦਰੀ ਰਿਜ਼ਰਵ ਪੁਲੀਸ ਬਲ (ਸੀ.ਆਰ.ਪੀ.ਐਫ.) ਅਤੇ ਜ਼ਿਲ੍ਹਾ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਇਨ੍ਹਾਂ ਕਾਡਰਾਂ ਨੇ ਆਤਮ ਸਮਰਪਣ ਕੀਤਾ। ਉਨ੍ਹਾਂ ਨੇ ਇੱਕ ਏ.ਕੇ.-47 ਰਾਈਫਲ, ਦੋ ਸਵੈ-ਲੋਡਿੰਗ ਰਾਈਫਲਾਂ (ਐਸ.ਐਲ.ਆਰ.), ਇੱਕ ਸਟੇਨਗਨ ਅਤੇ ਇੱਕ ਬੈਰਲ ਗ੍ਰੇਨੇਡ ਲਾਂਚਰ (ਬੀ.ਜੀ.ਐਲ.) ਵੀ ਸੌਂਪੇ।
ਆਤਮ ਸਮਰਪਣ ਕਰਨ ਵਾਲੇ ਕਾਡਰਾਂ ਵਿੱਚੋਂ ਮਾਓਵਾਦੀਆਂ ਦੇ ਇੱਕ ਕੰਪਨੀ ਪਲਟੂਨ ਕਮਾਂਡਰ ਮਿਡੀਅਮ ਭੀਮਾ (30) ਉੱਤੇ 8 ਲੱਖ ਰੁਪਏ ਦਾ ਇਨਾਮ ਸੀ।
ਸ੍ਰੀ ਚਵਾਨ ਨੇ ਕਿਹਾ ਕਿ ਗੰਗਾ ਕੁੰਜਮ (22), ਲੇਕਮ ਰਾਮਾ, ਤਾਤੀ ਸੋਨੀ (32) ਅਤੇ ਸ਼ਾਂਤੀ (21) ’ਤੇ 5-5 ਲੱਖ ਰੁਪਏ ਦਾ ਇਨਾਮ ਸੀ, ਜਦੋਂ ਕਿ ਮਾਧਵੀ ਨਵੀਨ (20), ਮਾਧਵੀ ਰੁਕਨੀ (24), ਓਯਮ ਮੰਗਲੀ (22), ਪੋਡੀਅਮ ਮੰਗੀ (20) ਅਤੇ ਮਾਧਵੀ ਗਾਂਗੀ (19) ’ਤੇ 1-1 ਲੱਖ ਰੁਪਏ ਦਾ ਇਨਾਮ ਸੀ।
ਪੁਲੀਸ ਅਧਿਕਾਰੀ ਨੇ ਕਿਹਾ ਕਿ ਹਾਲ ਹੀ ਵਿੱਚ ਆਤਮ ਸਮਰਪਣ ਦੀ ਗਿਣਤੀ ਦਰਸਾਉਂਦੀ ਹੈ ਕਿ ਖੇਤਰ ਵਿੱਚ ਵਿਸ਼ਵਾਸ, ਸ਼ਾਂਤੀ ਅਤੇ ਵਿਕਾਸ ਦੀ ਪ੍ਰਕਿਰਿਆ ਲਗਾਤਾਰ ਗਤੀ ਪ੍ਰਾਪਤ ਕਰ ਰਹੀ ਹੈ।

