ਦਸ ਮਿੰਟ ਦੇ ਮੀਹ ਨਾਲ ਦਿੱਲੀ ਦੀਆਂ ਸੜਕਾਂ ਪਾਣੀ ’ਚ ਡੁੱਬੀਆਂ
ਦਿੱਲੀ ਅੰਦਰ ਅੱਜ ਸਵੇਰੇ ਦਸ ਮਿੰਟ ਪਏ ਮੀਂਹ ਮਗਰੋਂ ਕੌਮੀ ਰਾਜਧਾਨੀ ਦੀਆਂ ਕਈ ਸੜਕਾਂ ਪਾਣੀ ਵਿਚ ਡੁੱਬ ਗਈਆਂ। ਸਵੇਰ ਵੇਲੇ ਲੋਕਾਂ ਨੂੰ ਆਪੋ ਆਪਣੇ ਕੰਮਾਂ-ਕਾਰਾਂ ਅਤੇ ਦਫ਼ਤਰਾਂ ਵੱਲ ਜਾਣ ਲਈ ਔਖਿਆਈ ਹੋਈ। ਸਕੂਲਾਂ ਦੇ ਵਿਦਿਆਰਥੀ ਵੀ ਪ੍ਰੇਸ਼ਾਨ ਹੋਏ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਦਿੱਲੀ ਨਗਰ ਨਿਗਮ ਅਤੇ ਦਿੱਲੀ ਸਰਕਾਰ ਵੱਲੋਂ ਮੌਨਸੂਨ ਦਾ ਪਾਣੀ ਜਮ੍ਹਾਂ ਨਾ ਹੋਣ ਦੇਣ ਦੀਆਂ ਸਾਰੀਆਂ ਦਲੀਲਾਂ ਅਤੇ ਵਾਅਦੇ ਪਾਣੀ ਪਾਣੀ ਹੋ ਗਏ।
ਮੰਗਲਵਾਰ ਸਵੇਰੇ ਕੌਮੀ ਰਾਜਧਾਨੀ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪਿਆ, ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪਿਆ ਅਤੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ। ਆਈਟੀਓ, ਧੌਲਾ ਕੁਆਂ, ਨਾਰਾਇਣ, ਪਟੇਲ ਨਗਰ, ਵਿਜੇ ਚੌਕ, ਜੰਗਪੁਰਾ ਅਤੇ ਰੋਹਿਣੀ ਵਰਗੇ ਇਲਾਕਿਆਂ ਵਿੱਚ ਭਾਰੀ ਮੀਂਹ ਪਿਆ। ਸਵੇਰ ਦੇ ਭੀੜ-ਭੜੱਕੇ ਵਾਲੇ ਸਮੇਂ ਦੌਰਾਨ ਭਾਰੀ ਮੀਂਹ ਕਾਰਨ ਕਈ ਇਲਾਕਿਆਂ ਵਿੱਚ ਆਵਾਜਾਈ ਵਿੱਚ ਵਿਘਨ ਪਿਆ। ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਕਿਹਾ ਕਿ ਦਿੱਲੀ ਵਿੱਚ ਮੰਗਲਵਾਰ ਸਵੇਰੇ 8.30 ਵਜੇ ਤੱਕ ਪਿਛਲੇ 24 ਘੰਟਿਆਂ ਵਿੱਚ 8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ।
ਵਿਰੋਧੀ ਧਿਰ ਆਮ ਆਦਮੀ ਪਾਰਟੀ ਨੂੰ ਇਸ ਮੀਂਹ ਨੇ ਇੱਕ ਵਾਰ ਫਿਰ ਮੌਕਾ ਦਿੱਤਾ ਅਤੇ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਲੋਕ ਨਿਰਮਾਣ ਮੰਤਰੀ ਪ੍ਰਵੇਸ਼ ਸਾਹਿਬ ਸਿੰਘ ਵਰਮਾ ਨੂੰ ਨਿਸ਼ਾਨਾ ਬਣਾਇਆ।
ਆਤਿਸ਼ੀ ਨੇ ਦੋ ਟਵੀਟ ਕਰਕੇ ਦਿੱਲੀ ਸਰਕਾਰ ਤੋਂ ਸਵਾਲ ਪੁੱਛੇ। ਉਨ੍ਹਾਂ ਐਕਸ ’ਤੇ ਇਕ ਪੋਸਟ ਵਿਚ ਲਿਖਿਆ, ‘‘10 ਮਿੰਟ ਦੇ ਮੀਂਹ ਤੋਂ ਬਾਅਦ ਦਿੱਲੀ ਦੀ ਹਾਲਤ! ਇਹ ਹੈ 4-ਇੰਜਣ ਵਾਲੀ ਸਰਕਾਰ ਦਾ ਚਮਤਕਾਰ!! ਲੋਕ ਨਿਰਮਾਣ ਮੰਤਰੀ ਪ੍ਰਵੇਸ਼ ਸਾਹਿਬ ਸਿੰਘ ਕਿੱਥੇ ਹਨ? ਮੁੱਖ ਮੰਤਰੀ ਰੇਖਾ ਗੁਪਤਾ ਕੀ ਕਰ ਰਹੇ ਹਨ?"
ਦੂਜੇ ਟਵੀਟ ਵਿੱਚ ਉਨ੍ਹਾਂ ਪੰਚਕੁਈਆਂ ਰੋਡ ਦੇ ਹਾਲਾਤ ਬਿਆਨੇ ਅਤੇ ਦੋਵਾਂ ਹੀ ਪੋਸਟਾਂ ਨਾਲ ਵੀਡੀਓ ਕਲਿੱਪਾਂ ਵੀ ਸਾਂਝੀਆਂ ਕੀਤੀਆਂ। ਆਤਿਸ਼ੀ ਨੇ ਦੱਸਿਆ, ‘‘10 ਮਿੰਟ ਦੀ ਬਾਰਿਸ਼ ਤੋਂ ਬਾਅਦ ਦਿੱਲੀ ਦੀ ਪੰਚਕੁਈਆਂ ਰੋਡ ਦੀ ਹਾਲਤ! ਇਹ ਹੈ 4-ਇੰਜਣ ਵਾਲੀ ਸਰਕਾਰ ਦਾ ਚਮਤਕਾਰ!! ਲੋਕ ਨਿਰਮਾਣ ਮੰਤਰੀ ਪ੍ਰਵੇਸ਼ ਸਾਹਿਬ ਸਿੰਘ ਕਿੱਥੇ ਹਨ? ਮੁੱਖ ਮੰਤਰੀ ਰੇਖਾ ਕੀ ਕਰ ਰਹੇ ਹਨ?’’ ਮੀਂਹ ਦੌਰਾਨ ਦਿੱਲੀ ਗੁਰੂਗ੍ਰਾਮ ਸੜਕ ਅਤੇ ਕਨਾਟ ਪਲੇਸ ਦੀ ਪੰਚਕੁਈਆਂ ਰੋਡ ਉੱਪਰ ਪਾਣੀ ਭਰਿਆ ਇਸੇ ਤਰ੍ਹਾਂ ਹੋਰ ਮਾਰਗਾਂ ਉੱਪਰ ਵੀ ਮੀਂਹ ਦਾ ਪਾਣੀ ਭਰ ਗਿਆ ਅਤੇ ਲੋਕਾਂ ਨੂੰ ਪ੍ਰੇਸ਼ਾਨੀਆਂ ਆਈਆਂ।