ਅਧਿਆਪਕਾਂ ਨੇ ਸਾਂਝੇ ਕੀਤੇ ਸਿਖਲਾਈ ਸਬੰਧੀ ਤਜਰਬੇ
ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਅਕਤੂਬਰ
ਦਿੱਲੀ ਦੀ ਸਿੱਖਿਆ ਮੰਤਰੀ ਆਤਿਸ਼ੀ ਨੇ ਦਿੱਲੀ ਨਗਰ ਨਿਗਮ ਸਕੂਲਾਂ ਦੇ ‘ਮੈਂਟਰ’ ਅਧਿਆਪਕਾਂ ਨਾਲ ਗੱਲਬਾਤ ਕੀਤੀ ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਵੱਕਾਰੀ ਵਿੱਦਿਅਕ ਸੰਸਥਾਵਾਂ ਦੇ ਦੌਰਿਆਂ ਤੋਂ ਵਾਪਸ ਪਰਤੇ ਸਨ। ਗੱਲਬਾਤ ਦੌਰਾਨ ਅਧਿਆਪਕਾਂ ਨੇ ਬੰਗਲੁਰੂ ਦੇ ਦੌਰੇ ਦੇ ਤਜਰਬੇ ਮੰਤਰੀ ਨਾਲ ਸਾਂਝੇ ਕੀਤੇ।
ਆਤਿਸ਼ੀ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨਿਗਮ ਸਕੂਲਾਂ ਦੇ ਅਧਿਆਪਕਾਂ ਨੂੰ ਪੇਸ਼ੇਵਰ ਵਿਕਾਸ ਲਈ ਦੇਸ਼ ਦੇ ਨਾਮਵਰ ਵਿੱਦਿਅਕ ਅਦਾਰਿਆਂ ਅਤੇ ਸਕੂਲਾਂ ਵਿੱਚ ਭੇਜ ਰਹੀ ਹੈ। ਉਨ੍ਹਾਂ ਕਿਹਾ ਕਿ ਐੱਮਸੀਡੀ ਸਕੂਲਾਂ ਦੇ 20-20 ਸਲਾਹਕਾਰ ਅਧਿਆਪਕਾਂ ਦੇ ਇੱਕ ਗਰੁੱਪ ਨੇ ਪਾਲਮਪੁਰ ਵਿੱਚ ਅਵਿਸ਼ਕਾਰ ਲੈਬ ਅਤੇ ਬੰਗਲੁਰੂ ਵਿੱਚ ਅਨਵੇਸ਼ਨਾ, ਅੰਨਾਸਵਾਮੀ ਮੁਦਾਲੀਅਰ ਸਣੇ ਹੋਰ ਪ੍ਰਸਿੱਧ ਵਿਦਿਅਕ ਸੰਸਥਾਵਾਂ ਤੋਂ 5 ਦਿਨਾਂ ਦੇ ਪ੍ਰੋਗਰਾਮ ਵਿੱਚ ਪੇਸ਼ੇਵਰ ਵਿਕਾਸ ਦੇ ਗੁਰੂ ਸਿੱਖੇ। ਆਤਿਸ਼ੀ ਨੇ ਆਖਿਆ ਕਿ ਇਨ੍ਹਾਂ ਸਕੂਲਾਂ ਵਿੱਚ ਹਰ ਬੱਚੇ ਨੂੰ ਮਿਆਰੀ ਸਿੱਖਿਆ ਦੇਣ ਲਈ ਅਧਿਆਪਕਾਂ ਨੂੰ ਵਿਸ਼ਵ ਪੱਧਰੀ ‘ਐਕਸਪੋਜ਼ਰ’ ਦੇਣਾ ਜ਼ਰੂਰੀ ਹੈ। ਇਹ ਦੌਰਾ ਇਸੇ ਦ੍ਰਿਸ਼ਟੀਕੋਣ ਦਾ ਨਤੀਜਾ ਹੈ। ਪਿਛਲੇ 8 ਸਾਲਾਂ ਵਿੱਚ ਕੇਜਰੀਵਾਲ ਸਰਕਾਰ ਨੇ ਆਪਣੇ ਸਕੂਲਾਂ ਦੇ ਅਧਿਆਪਕਾਂ ਨੂੰ ਪੇਸ਼ੇਵਰ ਵਿਕਾਸ ਦੇ ਸ਼ਾਨਦਾਰ ਮੌਕੇ ਦਿੱਤੇ ਹਨ, ਹੁਣ ਵਾਰੀ ਨਿਗਮ ਦੇ ਸਕੂਲਾਂ ਦੇ ਅਧਿਆਪਕਾਂ ਦੀ ਹੈ। ਮੈਂਟਰ ਅਧਿਆਪਕਾਂ ਨੇ ਕਿਹਾ, ‘‘ਇਹ ਦੌਰਾ ਸਾਡੇ ਲਈ ਸਿੱਖਣ ਦਾ ਮੌਕਾ ਇੱਕ ਵਧੀਆ ਸੀ। ਅਸੀਂ ਇੱਥੋਂ ਦੀ ਸਿਖਲਾਈ ਨੂੰ ਆਪਣੇ ਕਲਾਸਰੂਮ ਵਿੱਚ ਅਪਣਾਉਣ ਅਤੇ ਇਸ ਨੂੰ ਦੂਜੇ ਅਧਿਆਪਕ ਸਾਥੀਆਂ ਨਾਲ ਸਾਂਝਾ ਕਰਨ ਲਈ ਬਹੁਤ ਉਤਸੁਕ ਹਾਂ।’’ ਉਨ੍ਹਾਂ ਦੱਸਿਆ ਕਿ ਪਾਲਮਪੁਰ ਦੇ ਖੋਜ ਕੇਂਦਰ ਦੇ ਮੈਂਟਰ ਅਧਿਆਪਕਾਂ ਤੋਂ ਸਿੱਖਿਆ ਕਿ ਕਿਵੇਂ ਬੱਚੇ ਪ੍ਰਾਇਮਰੀ ਪੱਧਰ ’ਤੇ ਗਣਿਤ ਤੇ ਵਿਗਿਆਨ ਨੂੰ ਵਿਲੱਖਣ ਤਰੀਕੇ ਨਾਲ ਸਿੱਖ ਸਕਦੇ ਹਨ। ਬੰਗਲੁਰੂ ਦੀਆਂ ਸੰਸਥਾਵਾਂ ਵਿੱਚ ਅਧਿਆਪਕਾਂ ਨੇ ਸਿਖਾਇਆ ਕਿ ਕਿਵੇਂ ਬੱਚਿਆਂ ਨੂੰ ਸਿੱਖਣ ਦੀ ਆਜ਼ਾਦੀ ਦੇ ਕੇ ਉਨ੍ਹਾਂ ਦਾ ਸਰਵਪੱਖੀ ਵਿਕਾਸ ਕੀਤਾ ਜਾ ਸਕਦਾ ਹੈ।