‘ਅਧਿਆਪਕਾਂ ਨੇ ਮੈਨੂੰ ਬਹੁਤ ਤਸੀਹ ਦਿੱਤੇ’: ਦਿੱਲੀ ਸਕੂਲ ਦੇ ਵਿਦਿਆਰਥੀ ਨੇ ਖੁਦਕੁਸ਼ੀ ਤੋਂ ਪਹਿਲਾਂ ਆਟੋ ’ਚ ਸਫ਼ਰ ਕਰ ਰਹੀ ਮਹਿਲਾ ਕੋਲ ਕੀਤਾ ਸੀ ਦਾਅਵਾ
ਉਸ ਨੇ ਕਿਹਾ, ‘‘ਮੈਂ ਹਰ ਰੋਜ਼ ਆਪਣੇ ਬੱਚੇ ਨੂੰ ਰਿਕਸ਼ਾ ਵਿੱਚ ਸਕੂਲ ਤੋਂ ਘਰ ਲੈ ਕੇ ਆਉਂਦੀ ਹਾਂ। ਪਰ 18 ਨਵੰਬਰ ਦੀ ਦੁਪਹਿਰ ਨੂੰ, ਜਦੋਂ ਮੈਂ ਆਪਣੇ ਪੁੱਤਰ ਨਾਲ ਰਿਕਸ਼ਾ ਵਿੱਚ ਬੈਠੀ ਹੀ ਸੀ, ਤਾਂ ਉਹ (ਪੀੜਤ) ਅਚਾਨਕ ਭੱਜਿਆ ਆਇਆ ਅਤੇ ਤੇਜ਼ੀ ਨਾਲ ਅੰਦਰ ਆ ਗਿਆ। ਉਹ ਡਰਾਈਵਰ ਨੂੰ ਤੇਜ਼ ਜਾਣ ਲਈ ਕਹਿੰਦਾ ਰਿਹਾ। ਉਹ ਬਹੁਤ ਪਰੇਸ਼ਾਨ ਦਿਖਾਈ ਦੇ ਰਿਹਾ ਸੀ।’’ ਮਹਿਲਾ ਨੇ ਕਿਹਾ, ‘‘ਮੈਂ ਉਸਨੂੰ ਪੁੱਛਿਆ ਕਿ ਕੀ ਹੋਇਆ ਸੀ, ਅਤੇ ਉਸ ਨੇ ਜਵਾਬ ਦਿੱਤਾ, ‘ਤੁਹਾਨੂੰ ਆਪਣੇ ਪੁੱਤਰ ਨੂੰ ਸਕੂਲ ਤੋਂ ਵਾਪਸ ਲੈ ਜਾਣਾ ਚਾਹੀਦਾ ਹੈ।’ ਉਸ ਨੇ ਕਿਹਾ, ‘‘ਮੇਰੀਆਂ ਬੋਰਡ ਪ੍ਰੀਖਿਆਵਾਂ ਆ ਰਹੀਆਂ ਹਨ, ਅਤੇ ਅਧਿਆਪਕ ਮੈਨੂੰ ਬਹੁਤ ਤਸੀਹੇ ਦਿੰਦੇ ਹਨ। ਮੈਂ ਇਹ ਵੀ ਨਹੀਂ ਦੱਸ ਸਕਦਾ ਕਿ ਕਿੰਨਾ। ਮੇਰੇ ਮਾਪਿਆਂ ਨੂੰ ਵਾਰ-ਵਾਰ ਸਕੂਲ ਬੁਲਾਇਆ ਜਾਂਦਾ ਹੈ।’’
ਰਾਜੇਂਦਰਾ ਪਲੇਸ ਮੈਟਰੋ ਸਟੇਸ਼ਨ ਨੇੜੇ ਕਥਿਤ ਖੁਦਕੁਸ਼ੀ ਕਰ ਲੈਣ ਵਾਲੇ 10ਵੀਂ ਜਮਾਤ ਦੇ ਵਿਦਿਆਰਥੀ ਨੇ ਆਪਣੇ ਸਕੂਲ ਅਧਿਆਪਕਾਂ ’ਤੇ ਕਥਿਤ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦੇ ਹੋਏ ਇੱਕ ਨੋਟ ਛੱਡਿਆ। ਐਫਆਈਆਰ ਮੁਤਾਬਕ ਵਿਦਿਆਰਥੀ ਨੇ ਕਥਿਤ ਤੌਰ ’ਤੇ ਰਾਜੇਂਦਰਾ ਪਲੇਸ ਮੈਟਰੋ ਸਟੇਸ਼ਨ ਦੇ ਪਲੇਟਫਾਰਮ ਨੰਬਰ 2 ਤੋਂ ਛਾਲ ਮਾਰ ਦਿੱਤੀ।
ਉਧਰ ਮਾਪਿਆਂ ਤੇ ਵਿਦਿਆਰਥੀਆਂ ਨੇ ਜਿੱਥੇ ਸ਼ਨਿੱਚਰਵਾਰ ਨੂੰ ਨਿੱਜੀ ਸਕੂਲ ਦੇ ਬਾਹਰ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਿਆ, ਉੱਥੇ ਦਿੱਲੀ ਦੇ ਸਿੱਖਿਆ ਮੰਤਰੀ ਆਸ਼ੀਸ਼ ਸੂਦ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰਾਜ ਸਰਕਾਰ ਨੇ ਇੱਕ ਜਾਂਚ ਕਮੇਟੀ ਬਣਾਈ ਹੈ।
ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸੂਦ ਨੇ ਕਿਹਾ ਕਿ ਸਕੂਲਾਂ ਨੇ ਵੀ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਸਕੂਲਾਂ ਨੂੰ ਇਹ ਪੁੱਛਣ ਲਈ ਲਿਖਣਗੇ ਕਿ ਕੀ ਉਹ ਸੀਬੀਐਸਈ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਸਮੁੱਚੀ ਤੰਦਰੁਸਤੀ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਅਸੀਂ ਇੱਕ ਜਾਂਚ ਕਮੇਟੀ ਬਣਾਈ ਹੈ, ਅਤੇ ਸਕੂਲ ਨੇ ਵੀ ਕਾਰਵਾਈ ਕੀਤੀ ਹੈ। ਮੈਂ ਇਸ ਨੂੰ ਸਿਰਫ਼ ਸਿੱਖਿਆ ਮੰਤਰੀ ਵਜੋਂ ਹੀ ਨਹੀਂ, ਸਗੋਂ ਇੱਕ ਚਿੰਤਤ ਮਾਪੇ ਵਜੋਂ ਵੀ ਦੇਖਦਾ ਹਾਂ। ਜਲਦੀ ਹੀ, ਮੈਂ ਸਕੂਲਾਂ ਨੂੰ ਇਹ ਪੁੱਛਣ ਲਈ ਲਿਖਾਂਗਾ ਕਿ ਕੀ ਉਹ ਸੀਬੀਐਸਈ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਸਮੁੱਚੀ ਤੰਦਰੁਸਤੀ ਦੀ ਨਿਗਰਾਨੀ ਕਰ ਰਹੇ ਹਨ। ਰਾਜ ਸਰਕਾਰ ਮਦਦ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ। ਅਸੀਂ ਆਪਣੇ ਬੱਚਿਆਂ ਦੀ ਮਾਨਸਿਕ ਸਿਹਤ ਅਤੇ ਤੰਦਰੁਸਤੀ ਬਾਰੇ ਬਹੁਤ ਚਿੰਤਤ ਹਾਂ।’’ ਇਸ ਦੌਰਾਨ ਕੇਂਦਰੀ ਦਿੱਲੀ ਵਿਚਲੇ ਸਕੂਲ ਨੇ ਆਪਣੇ ਚਾਰ ਸਟਾਫ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਹੈ।
