Tahir Hussain ਤਾਹਿਰ ਹੁਸੈਨ ਨੂੰ ਪੁਲੀਸ ਹਿਰਾਸਤ ’ਚ 6 ਦਿਨ ਚੋਣ ਪ੍ਰਚਾਰ ਦੀ ਮਿਲੀ ਇਜਾਜ਼ਤ
ਸੁਪਰੀਮ ਕੋਰਟ ਨੇ ਏਆਈਐੱਮਆਈਐੱਮ ਦੀ ਟਿਕਟ ’ਤੇ ਚੋਣ ਲੜ ਰਹੇ ਸਾਬਕਾ ‘ਆਪ’ ਕੌਂਸਲਰ ’ਤੇ ਲਾਈਆਂ ਕਈ ਸ਼ਰਤਾਂ
ਨਵੀਂ ਦਿੱਲੀ, 28 ਜਨਵਰੀ
ਸੁਪਰੀਮ ਕੋਰਟ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਕੌਂਸਲਰ ਅਤੇ ਫਰਵਰੀ 2020 ਦਿੱਲੀ ਦੰਗਿਆਂ ਦੇ ਦੋਸ਼ੀ ਤਾਹਿਰ ਹੁਸੈਨ, ਜੋ ਏਆਈਐੱਮਆਈਐੱਮ ਦੀ ਟਿਕਟ ’ਤੇ ਚੋਣ ਲੜ ਰਿਹਾ ਹੈ, ਨੂੰ ਸ਼ਰਤਾਂ ਤਹਿਤ 6 ਦਿਨ ਲਈ ਪੁਲੀਸ ਹਿਰਾਸਤ ਵਿਚ ਦਿੱਲੀ ਅਸੈਂਬਲੀ ਚੋਣਾਂ ਲਈ ਪ੍ਰਚਾਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਜਸਟਿਸ ਵਿਕਰਮ ਨਾਥ, ਸੰਜੈ ਕਰੋਲ ਅਤੇ ਸੰਦੀਪ ਮਹਿਤਾ ਦੇ ਤਿੰਨ ਮੈਂਬਰੀ ਬੈਂਚ ਨੇ ਕਿਹਾ ਕਿ ਹੁਸੈਨ ਨੂੰ 29 ਜਨਵਰੀ ਤੋਂ 3 ਫਰਵਰੀ ਤੱਕ ਪੁਲੀਸ ਹਿਰਾਸਤ ਵਿੱਚ ਪ੍ਰਚਾਰ ਕਰਨ ਦੀ ਖੁੱਲ੍ਹ ਰਹੇਗੀ। ਸੁਪਰੀਮ ਕੋਰਟ ਨੇ ਕਈ ਸ਼ਰਤਾਂ ਆਇਦ ਕਰਦਿਆਂ ਕਿਹਾ ਕਿ ਹੁਸੈਨ ਨੂੰ ਸਿਰਫ ਦਿਨ ਦੇ ਸਮੇਂ ਸੁਰੱਖਿਆ ਦੇ ਨਾਲ ਜੇਲ੍ਹ ਛੱਡਣ ਅਤੇ ਹਰ ਰਾਤ ਵਾਪਸ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਬੈਂਚ ਨੇ ਕਿਹਾ ਕਿ ਹੁਸੈਨ ਨੂੰ ਹਿਰਾਸਤੀ ਪੈਰੋਲ ਦੌਰਾਨ ਸੁਰੱਖਿਆ ਖਰਚਿਆਂ ਵਜੋਂ ਪ੍ਰਤੀ ਦਿਨ 2.47 ਲੱਖ ਰੁਪਏ ਜਮ੍ਹਾਂ ਕਰਨੇ ਹੋਣਗੇ। ਹੁਸੈਨ 22 ਜਨਵਰੀ ਨੂੰ ਸੁਪਰੀਮ ਕੋਰਟ ਦੇ ਦੋ ਜੱਜਾਂ ਦੇ ਬੈਂਚ ਵੱਲੋਂ ਵੱਖੋ ਵੱਖਰਾ ਫੈਸਲਾ ਸੁਣਾਏ ਜਾਣ ਕਰਕੇ ਅੰਤਰਿਮ ਜ਼ਮਾਨਤ ਹਾਸਲ ਕਰਨ ਨਾਕਾਮ ਰਿਹਾ ਸੀ। -ਪੀਟੀਆਈ

