Tahawwur Rana: ਮੁੰਬਈ ਦਹਿਸ਼ਤੀ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੀ ਅਦਾਲਤੀ ਹਿਰਾਸਤ 13 ਅਗਸਤ ਤੱਕ ਵਧਾਈ
ਨਵੀਂ ਦਿੱਲੀ, 9 ਜੁਲਾਈ
ਦਿੱਲੀ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ 26/11 ਮੁੰਬਈ ਅੱਤਵਾਦੀ ਹਮਲੇ ਦੇ ਦੋਸ਼ੀ ਤਹੱਵੁਰ ਹੁਸੈਨ ਰਾਣਾ ਦੀ ਨਿਆਂਇਕ ਹਿਰਾਸਤ 13 ਅਗਸਤ ਤੱਕ ਵਧਾ ਦਿੱਤੀ ਹੈ।
ਵਿਸ਼ੇਸ਼ ਜੱਜ ਚੰਦਰਜੀਤ ਸਿੰਘ (Special Judge Chander Jit Singh) ਨੇ ਰਾਣਾ ਨੂੰ ਪਹਿਲਾਂ ਦਿੱਤੀ ਗਈ ਨਿਆਂਇਕ ਹਿਰਾਸਤ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤੇ ਜਾਣ ਤੋਂ ਬਾਅਦ ਇਹ ਹੁਕਮ ਦਿੱਤਾ।
ਰਾਣਾ 26/11 ਦੇ ਮੁੱਖ ਸਾਜ਼ਿਸ਼ਕਰਤਾ ਡੇਵਿਡ ਕੋਲਮੈਨ ਹੈਡਲੀ ਉਰਫ ਦਾਊਦ ਗਿਲਾਨੀ (David Coleman Headley alias Daood Gilani), ਜੋ ਕਿ ਇੱਕ ਅਮਰੀਕੀ ਨਾਗਰਿਕ ਹੈ, ਦਾ ਨਜ਼ਦੀਕੀ ਸਾਥੀ ਹੈ। ਬੀਤੀ 4 ਅਪਰੈਲ ਨੂੰ ਅਮਰੀਕੀ ਸੁਪਰੀਮ ਕੋਰਟ ਵੱਲੋਂ ਭਾਰਤ ਨੂੰ ਉਸਦੀ ਹਵਾਲਗੀ ਵਿਰੁੱਧ ਉਸਦੀ ਸਮੀਖਿਆ ਪਟੀਸ਼ਨ ਖਾਰਜ ਕਰਨ ਤੋਂ ਬਾਅਦ ਉਸ ਨੂੰ ਭਾਰਤ ਲਿਆਂਦਾ ਗਿਆ ਸੀ।
ਕੌਮੀ ਜਾਂਚ ਏਜੰਸੀ (NIA) ਨੇ ਇਸ ਮਾਮਲੇ ਵਿੱਚ ਰਾਣਾ ਵਿਰੁੱਧ ਇੱਕ ਜ਼ਿਮਨੀ ਚਾਰਜਸ਼ੀਟ ਦਾਇਰ ਕੀਤੀ ਹੈ। ਅਦਾਲਤ 13 ਅਗਸਤ ਨੂੰ ਜ਼ਿਮਨੀ ਚਾਰਜਸ਼ੀਟ 'ਤੇ ਵਿਚਾਰ ਕਰੇਗੀ। ਨਾਲ ਹੀ ਅਦਾਲਤ 15 ਜੁਲਾਈ ਨੂੰ ਰਾਣਾ ਵੱਲੋਂ ਆਪਣੇ ਪਰਿਵਾਰ ਨਾਲ ਟੈਲੀਫੋਨ ਕਾਲ ਕਰਨ ਦੀ ਮੰਗ ਕਰਨ ਵਾਲੀ ਅਰਜ਼ੀ 'ਤੇ ਵੀ ਸੁਣਵਾਈ ਕਰੇਗੀ। -ਪੀਟੀਆਈ