ਦਿੱਲੀ ਤੋਂ ਸ਼ੱਕੀ ਜਾਸੂਸ ਗ੍ਰਿਫ਼ਤਾਰ; ਵਿਦੇਸ਼ੀ ਪਰਮਾਣੂ ਵਿਗਿਆਨੀ ਨਾਲ ਸਬੰਧ
ਮੁਲਜ਼ਮ ਦੀ ਪਛਾਣ ਮੁਹੰਮਦ ਆਦਿਲ ਹੁਸੈਨੀ ਵਜੋਂ ਹੋਈ ਹੈ, ਜਿਸ ਨੂੰ ਸਈਦ ਆਦਿਲ ਹੁਸੈਨ, ਨਸੀਮੂਦੀਨ ਅਤੇ ਸਈਦ ਆਦਿਲ ਹੁਸੈਨੀ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਅਧਿਕਾਰੀਆਂ ਅਨੁਸਾਰ ਹੈਸਨੀ ਨੂੰ ਦੋ ਦਿਨ ਪਹਿਲਾਂ ਦਿੱਲੀ ਦੇ ਸੀਮਾਪੁਰੀ ਤੋਂ ਫੜਿਆ ਗਿਆ ਸੀ।
ਇੱਕ ਪੁਲੀਸ ਸੂਤਰ ਨੇ ਦੱਸਿਆ ਕਿ ਮੁਲਜ਼ਮ ਵਿਦੇਸ਼ ਵਿੱਚ ਬੈਠੇ ਇੱਕ ਪਰਮਾਣੂ ਵਿਗਿਆਨੀ ਦੇ ਸੰਪਰਕ ਵਿੱਚ ਸੀ ਅਤੇ ਉਸ ਨੇ ਪਾਕਿਸਤਾਨ ਸਮੇਤ ਕਈ ਦੇਸ਼ਾਂ ਦੀ ਯਾਤਰਾ ਕੀਤੀ ਸੀ। ਸੂਤਰ ਨੇ ਦਾਅਵਾ ਕੀਤਾ ਕਿ ਉਸ ਨੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਇੱਕ ਸੰਵੇਦਨਸ਼ੀਲ ਸਥਾਪਨਾ ਦੇ ਤਿੰਨ ਪਛਾਣ ਪੱਤਰ ਪ੍ਰਾਪਤ ਕੀਤੇ ਸਨ।
ਅਡੀਸ਼ਨਲ ਕਮਿਸ਼ਨਰ ਆਫ਼ ਪੁਲੀਸ (ਸਪੈਸ਼ਲ ਸੈੱਲ) ਪ੍ਰਮੋਦ ਸਿੰਘ ਕੁਸ਼ਵਾਹ ਨੇ ਦੱਸਿਆ ਕਿ ਆਦਿਲ ਟਾਟਾ ਨਗਰ, ਜਮਸ਼ੇਦਪੁਰ ਦਾ ਰਹਿਣ ਵਾਲਾ ਹੈ।
ਅਧਿਕਾਰੀ ਨੇ ਕਿਹਾ, "ਆਦਿਲ ਅਤੇ ਉਸ ਦੇ ਭਰਾ ਅਖਤਰ ਹੁਸੈਨੀ 'ਤੇ ਵਿਦੇਸ਼ੀ ਮੁਲਕਾਂ ਨੂੰ ਸੰਵੇਦਨਸ਼ੀਲ ਜਾਣਕਾਰੀ ਸਪਲਾਈ ਕਰਨ ਅਤੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਕਈ ਭਾਰਤੀ ਪਾਸਪੋਰਟ ਪ੍ਰਾਪਤ ਕਰਨ ਦਾ ਸ਼ੱਕ ਹੈ।"
ਕਥਿਤ ਤੌਰ 'ਤੇ ਇਹ ਸਾਰਾ ਨੈੱਟਵਰਕ ਜਮਸ਼ੇਦਪੁਰ ਤੋਂ ਚਲਾਇਆ ਜਾ ਰਿਹਾ ਸੀ, ਜਿੱਥੇ ਨਕਲੀ ਦਸਤਾਵੇਜ਼ਾਂ ਦੀ ਮਦਦ ਨਾਲ ਜਾਅਲੀ ਪਛਾਣ ਪੱਤਰ ਅਤੇ ਪਾਸਪੋਰਟ ਤਿਆਰ ਕੀਤੇ ਜਾ ਰਹੇ ਸਨ।
ਤਲਾਸ਼ੀ ਦੌਰਾਨ ਪੁਲੀਸ ਨੇ ਆਦਿਲ ਦੇ ਕਬਜ਼ੇ ’ਚੋਂ ਇੱਕ ਅਸਲੀ ਅਤੇ ਦੋ ਜਾਅਲੀ ਪਾਸਪੋਰਟ ਬਰਾਮਦ ਕੀਤੇ। ਅਡੀਸ਼ਨਲ ਸੀਪੀ ਨੇ ਅੱਗੇ ਦੱਸਿਆ ਕਿ ਉਸਨੂੰ 26 ਅਕਤੂਬਰ ਵੱਖ ਵੱਖ ਧਾਰਾਵਾਂ ਤਹਿਤ ਦਰਜ ਇੱਕ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਪੁਲੀਸ ਨੇ ਆਦਿਲ ਦੇ ਭਰਾ ਅਖਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਈ ਖਾੜੀ ਦੇਸ਼ਾਂ ਦੀ ਯਾਤਰਾ ਕਰ ਚੁੱਕਾ ਸੀ ਅਤੇ ਤਿੰਨ ਪਛਾਣ ਪੱਤਰ ਪ੍ਰਾਪਤ ਕਰਨ ਵਿੱਚ ਵੀ ਸ਼ਾਮਲ ਸੀ। -ਪੀਟੀਆਈ
