ਮੌਤ ਦੀ ਸਜ਼ਾ ਦਾ ਢੰਗ ਬਦਲਣ ਲਈ 21 ਜਨਵਰੀ ਨੂੰ ਦਲੀਲਾਂ ਸੁਣੇਗਾ ਸੁਪਰੀਮ ਕੋਰਟ
SC to hear in January plea concerning execution of death row convicts by hanging ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ਮੌਤ ਦੀ ਸਜ਼ਾ ਪਾਉਣ ਵਾਲੇ ਦੋਸ਼ੀਆਂ ਨੂੰ ਫਾਂਸੀ ਦੇਣ ਦੇ ਮੌਜੂਦਾ ਢੰਗ ਨੂੰ ਕਾਨੂੰਨ ਤੋਂ ਹਟਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ 21 ਜਨਵਰੀ ਨੂੰ ਦਲੀਲਾਂ ਸੁਣੇਗਾ। ਪਟੀਸ਼ਨ ਪਾਉਣ ਵਾਲਿਆਂ ਨੇ ਮੰਗ ਕੀਤੀ ਹੈ ਕਿ ਫਾਂਸੀ ਦੇਣ ਨਾਲੋਂ ਘਾਤਕ ਟੀਕਾ ਜਾਂ ਗੈਸ ਵਾਲੇ ਚੈਂਬਰ ਰਾਹੀਂ ਮੌਤ ਦੀ ਸਜ਼ਾ ਦੇਣ ’ਤੇ ਵਿਚਾਰ ਕੀਤਾ ਜਾਵੇ।
ਇਸ ਮਾਮਲੇ ਦੀ ਸੁਣਵਾਈ ਜਸਟਿਸ ਵਿਕਰਮ ਨਾਥ ਅਤੇ ਸੰਦੀਪ ਮਹਿਤਾ ਦੇ ਬੈਂਚ ਨੇ ਕੀਤੀ। ਇਸ ਦੌਰਾਨ ਅਟਾਰਨੀ ਜਨਰਲ ਆਰ ਵੈਂਕਟਰਮਾਨੀ ਨੇ ਬੈਂਚ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮਾਮਲੇ ’ਤੇ ਜਨਵਰੀ 2026 ਵਿੱਚ ਸੁਣਵਾਈ ਕੀਤੀ ਜਾਵੇ। ਇਸ ਸਬੰਧੀ 2017 ਵਿੱਚ ਪਟੀਸ਼ਨ ਦਾਇਰ ਕਰਨ ਵਾਲੇ ਸੀਨੀਅਰ ਵਕੀਲ ਰਿਸ਼ੀ ਮਲਹੋਤਰਾ ਨੇ ਕਿਹਾ ਕਿ ਇਹ ਮਾਮਲਾ ਫਾਂਸੀ ਵਾਂਗ ਲਟਕ ਰਿਹਾ ਹੈ। ਉਨ੍ਹਾਂ ਕਿਹਾ ਕਿ ਅਟਾਰਨੀ ਜਨਰਲ ਨੇ ਪਹਿਲਾਂ ਅਦਾਲਤ ਨੂੰ ਦੱਸਿਆ ਸੀ ਕਿ ਕੇਂਦਰ ਚੁੱਕੇ ਜਾਣ ਵਾਲੇ ਮੁੱਦਿਆਂ ਦੀ ਸਮੀਖਿਆ ਕਰਨ ਲਈ ਇੱਕ ਕਮੇਟੀ ਦੀ ਨਿਯੁਕਤੀ ’ਤੇ ਵਿਚਾਰ ਕਰ ਰਿਹਾ ਹੈ।
ਅਟਾਰਨੀ ਜਨਰਲ ਨੇ ਕਿਹਾ, ‘ਮੈਨੂੰ ਦੱਸਿਆ ਗਿਆ ਹੈ ਕਿ ਕੁਝ ਕਾਰਵਾਈਆਂ ਹੋਈਆਂ ਹਨ ਪਰ ਮੈਨੂੰ ਯਕੀਨ ਨਹੀਂ ਹੈ ਕਿ ਉਨ੍ਹਾਂ ਦਾ ਕੋਈ ਨਤੀਜਾ ਨਿਕਲਿਆ ਹੈ ਜਾਂ ਨਹੀਂ। ਮੈਨੂੰ ਉਸ ਮਾਮਲੇ ਦੀ ਪੈਰਵੀ ਕਰਨ ਦਿਓ ਅਤੇ ਅਦਾਲਤ ਵਿੱਚ ਆ ਕੇ ਰਿਪੋਰਟ ਕਰਨ ਦਿਓ। ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਅਗਲੇ ਸਾਲ 21 ਜਨਵਰੀ ਨਿਰਧਾਰਤ ਕੀਤੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕੇਂਦਰ ਨੇ ਦੱਸਿਆ ਹੈ ਕਿ ਮੌਤ ਦੀ ਸਜ਼ਾ ਪ੍ਰਾਪਤ ਦੋਸ਼ੀਆਂ ਨੂੰ ਫਾਂਸੀ ਨਾਲੋਂ ਟੀਕਾ ਦੇ ਕੇ ਮਾਰਨ ਦਾ ਵਿਕਲਪ ਦੇਣਾ ਬਹੁਤਾ ਸੰਭਵ ਨਹੀਂ ਹੈ। ਉਸ ਵੇਲੇ ਵੀ ਜਸਟਿਸ ਵਿਕਰਮ ਨਾਥ ਅਤੇ ਸੰਦੀਪ ਮਹਿਤਾ ਦੇ ਬੈਂਚ ਨੇ ਵੀ ਇਸ ਪਟੀਸ਼ਨ ’ਤੇ ਸੁਣਵਾਈ ਕੀਤੀ ਸੀ ਜਿਸ ਵਿੱਚ ਮੌਤ ਦੀ ਸਜ਼ਾ ਪ੍ਰਾਪਤ ਦੋਸ਼ੀਆਂ ਨੂੰ ਫਾਂਸੀ ਦੇਣ ਦੇ ਮੌਜੂਦਾ ਢੰਗ ਨੂੰ ਬਦਲਣ ਤੇ ਇਸ ਦਾ ਵਿਕਲਪ ਦੇਣ ਦੀ ਮੰਗ ਕੀਤੀ ਗਈ ਸੀ।
ਪਟੀਸ਼ਨ ਦਾਇਰ ਕਰਨ ਵਾਲੇ ਸੀਨੀਅਰ ਵਕੀਲ ਰਿਸ਼ੀ ਮਲਹੋਤਰਾ ਨੇ ਕਿਹਾ ਸੀ ਕਿ ਘੱਟੋ ਘੱਟ ਇੱਕ ਸਜ਼ਾ ਪ੍ਰਾਪਤ ਕੈਦੀ ਨੂੰ ਇੱਕ ਵਿਕਲਪ ਦਿੱਤਾ ਜਾਣਾ ਚਾਹੀਦਾ ਹੈ ਕਿ ਉਹ ਘਾਤਕ ਟੀਕਾ ਲਗਾਉਣ ਨੂੰ ਪਹਿਲ ਦੇਵੇਗਾ ਜਾਂ ਫਾਂਸੀ ਦੇ ਤਖਤੇ ’ਤੇ ਚੜ੍ਹਨਾ ਚਾਹੇਗਾ। ਉਨ੍ਹਾਂ ਅਦਾਲਤ ਨੂੰ ਦੱਸਿਆ ਸੀ ਕਿ ਸਭ ਤੋਂ ਵਧੀਆ ਤਰੀਕਾ ਘਾਤਕ ਟੀਕਾ ਹੈ ਕਿਉਂਕਿ ਅਮਰੀਕਾ ਦੇ 50 ਵਿੱਚੋਂ 49 ਰਾਜਾਂ ਨੇ ਘਾਤਕ ਟੀਕਾ ਦੇਣ ਵਾਲਾ ਢੰਗ ਅਪਣਾਇਆ ਹੈ।
ਉਨ੍ਹਾਂ ਕਿਹਾ ਕਿ ਘਾਤਕ ਟੀਕਾ ਲਗਾ ਕੇ ਦੋਸ਼ੀ ਨੂੰ ਮੌਤ ਦੀ ਸਜ਼ਾ ਦੇਣਾ ਠੀਕ ਹੈ ਕਿਉਂਕਿ ਫਾਂਸੀ ਦੇਣਾ ਬੇਰਹਿਮ ਅਤੇ ਵਹਿਸ਼ੀਪੁਣੇ ਦਾ ਰੂਪ ਹੈ ਕਿਉਂਕਿ ਇਸ ਨਾਲ ਮੌਤ ਦੀ ਸਜ਼ਾ ਕੱਟਣ ਵਾਲਾ ਲਗਭਗ 40 ਮਿੰਟਾਂ ਤੱਕ ਲਟਕਦਾ ਰਹਿੰਦਾ ਹੈ ਤਾਂ ਜਾ ਕੇ ਉਸ ਨੂੰ ਮੌਤ ਨਸੀਬ ਹੁੰਦੀ ਹੈ। ਪੀ.ਟੀ.ਆਈ.
