ਸੁਪਰੀਮ ਕੋਰਟ ਦੇ ਜੱਜ ਇਹ ਤੈਅ ਨਹੀਂ ਕਰ ਸਕਦੇ ਕਿ ਸੱਚਾ ਭਾਰਤੀ ਕੌਣ ਹੈ: ਪ੍ਰਿਯੰਕਾ ਗਾਂਧੀ
ਸੁਪਰੀਮ ਕੋਰਟ ਵੱਲੋਂ ਫੌਜ ਬਾਰੇ ਟਿੱਪਣੀਆਂ ਨੂੰ ਲੈ ਕੇ ਰਾਹੁਲ ਗਾਂਧੀ ਨੂੰ ਫਟਕਾਰ ਲਗਾਉਣ ਤੋਂ ਬਾਅਦ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਮੰਗਲਵਾਰ ਨੂੰ ਆਪਣੇ ਭਰਾ ਦੇ ਸਮਰਥਨ ਵਿੱਚ ਆਈ। ਉਨ੍ਹਾਂ ਕਿਹਾ ਕਿ ਇਹ ਸੁਪਰੀਮ ਕੋਰਟ ਦੇ ਜੱਜਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ ਕਿ ਉਹ ਇਹ ਫੈਸਲਾ ਕਰਨ ਕਿ ਕੌਣ ਸੱਚਾ ਭਾਰਤੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਭਰਾ ਫੌਜ ਦਾ ਸਭ ਤੋਂ ਵੱਧ ਸਤਿਕਾਰ ਕਰਦਾ ਹੈ ਅਤੇ ਕਦੇ ਵੀ ਇਸ ਦੇ ਵਿਰੁੱਧ ਕੁਝ ਨਹੀਂ ਕਹੇਗਾ। ਵਾਇਨਾਡ ਦੀ ਸੰਸਦ ਮੈਂਬਰ ਨੇ ਕਿਹਾ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ ਸਰਕਾਰ ਤੋਂ ਸਵਾਲ ਪੁੱਛਣਾ ਰਾਹੁਲ ਗਾਂਧੀ ਦਾ ਫਰਜ਼ ਹੈ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਦਸੰਬਰ 2022 ਵਿੱਚ ਆਪਣੀ ਭਾਰਤ ਜੋੜੋ ਯਾਤਰਾ ਦੌਰਾਨ ਫੌਜ ਬਾਰੇ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਲਖਨਊ ਦੀ ਇੱਕ ਅਦਾਲਤ ਵਿੱਚ ਗਾਂਧੀ ਵਿਰੁੱਧ ਚੱਲ ਰਹੀ ਕਾਰਵਾਈ ’ਤੇ ਰੋਕ ਲਗਾ ਦਿੱਤੀ ਸੀ। ਹਾਲਾਂਕਿ, ਸੁਪਰੀਮ ਕੋਰਟ ਨੇ ਕਾਂਗਰਸ ਨੇਤਾ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਜੇਕਰ ਉਹ ਸੱਚੇ ਭਾਰਤੀ ਹੁੰਦੇ, ਤਾਂ ਉਹ ਅਜਿਹੀ ਗੱਲ ਨਾ ਕਹਿੰਦੇ।
ਸੁਪਰੀਮ ਕੋਰਟ ਦੀਆਂ ਟਿੱਪਣੀਆਂ ਬਾਰੇ ਪੁੱਛੇ ਜਾਣ ’ਤੇ ਪ੍ਰਿਯੰਕਾ ਗਾਂਧੀ ਨੇ ਸੰਸਦ ਭਵਨ ਕੰਪਲੈਕਸ ਵਿੱਚ ਇਹ ਟਿੱਪਣੀਆਂ ਕੀਤੀਆਂ। ਉਨ੍ਹਾਂ ਕਿਹਾ, ‘‘ਮੇਰਾ ਭਰਾ ਫੌਜ ਦੇ ਖਿਲਾਫ਼ ਕਦੇ ਕੁਝ ਨਹੀਂ ਕਹੇਗਾ। ਉਹ ਫੌਜ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਹਨ। ਇਸ ਲਈ ਇਹ (ਉਨ੍ਹਾਂ ਦੀਆਂ ਟਿੱਪਣੀਆਂ ਦਾ) ਗਲਤ ਅਰਥ ਕੱਢਿਆ ਗਿਆ ਹੈ।’’
ਭਾਜਪਾ ਨੇ ਸੋਮਵਾਰ ਨੂੰ ਰਾਹੁਲ ਗਾਂਧੀ ’ਤੇ ਤਨਜ਼ ਕੱਸਦਿਆਂ ਕਿਹਾ ਕਿ ਉਨ੍ਹਾਂ ਨੇ ਚੀਨ ਨੂੰ ਮਜ਼ਬੂਤ ਕਰਨ ਦੀ ਸਹੁੰ ਖਾਧੀ ਹੈ, ਜਦਕਿ ਕਾਂਗਰਸ ਨੇ ਦਾਅਵਾ ਕੀਤਾ ਕਿ ਗਲਵਾਨ ਘਟਨਾ ਤੋਂ ਬਾਅਦ ਹਰ ਦੇਸ਼ ਭਗਤ ਭਾਰਤੀ ਨੇ ਜਵਾਬ ਮੰਗੇ ਹਨ ਪਰ ਸਰਕਾਰ ਨੇ "DDLJ - ਇਨਕਾਰ, ਧਿਆਨ ਭਟਕਾਉਣਾ, ਝੂਠ ਬੋਲਣਾ ਅਤੇ ਸਹੀ ਠਹਿਰਾਉਣਾ ਦੀ ਆਪਣੀ ਨੀਤੀ ਨਾਲ ਸੱਚ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਹੈ।