ਸੁਪਰੀਮ ਕੋਰਟ ਦੇ ਜੱਜਾਂ ਤੇ ਵਕੀਲਾਂ ਦੀ ਨਿਆਂ ਲਈ ਦੌੜ
ਚੀਫ ਜਸਟਿਸ ਗਵਈ ਨੇ ਬਾਰ ਐਸੋਸੀਏਸ਼ਨ ਦੀ ਵਾਕਾਥੌਨ ਅਤੇ ਬੂਟੇ ਲਾਉਣ ਦੀ ਮੁਹਿੰਮ ’ਚ ਲਿਆ ਹਿੱਸਾ
ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐੱਸ ਸੀ ਬੀ ਏ) ਨੇ ਅੱਜ ‘ਹਰੇਕ ਲਈ ਨਿਆਂ’ ਦੇ ਨਾਅਰੇ ਹੇਠ ਵਾਕਾਥੌਨ ਅਤੇ ਪੌਦੇ ਲਗਾਉਣ ਦੀ ਮੁਹਿੰਮ ਚਲਾਈ, ਜਿਸ ਵਿੱਚ ਜੱਜਾਂ, ਵਕੀਲਾਂ ਅਤੇ ਵੱਡੀ ਗਿਣਤੀ ਆਮ ਨਾਗਰਿਕਾਂ ਨੇ ਸ਼ਮੂਲੀਅਤ ਕੀਤੀ। ਇਸ ਮੁਹਿੰਮ ਦਾ ਮੁੱਖ ਉਦੇਸ਼ ਵਧੇਰੇ ਪਹੁੰਚਯੋਗ ਅਤੇ ਟਿਕਾਊ ਨਿਆਂ ਪ੍ਰਣਾਲੀ ਲਈ ਸਮੂਹਿਕ ਤੌਰ ’ਤੇ ਆਵਾਜ਼ ਬੁਲੰਦ ਕਰਨਾ ਸੀ।
ਇਹ 8 ਕਿਲੋਮੀਟਰ ਦੀ ਦੌੜ ਸੁਪਰੀਮ ਕੋਰਟ ਕੈਂਪਸ ਤੋਂ ਸ਼ੁਰੂ ਹੋ ਕੇ ਇੰਡੀਆ ਗੇਟ ’ਤੇ ਸਮਾਪਤ ਹੋਈ। ਇਸ ਦਾ ਉਦਘਾਟਨ ਭਾਰਤ ਦੇ ਚੀਫ਼ ਜਸਟਿਸ ਬੀ.ਆਰ. ਗਵਈ ਨੇ ਸੁਪਰੀਮ ਕੋਰਟ ਅਤੇ ਵੱਖ-ਵੱਖ ਹਾਈ ਕੋਰਟਾਂ ਦੇ ਜੱਜਾਂ ਤੇ ਬਾਰ ਦੇ ਮੈਂਬਰਾਂ ਦੀ ਮੌਜੂਦਗੀ ਵਿੱਚ ਹਰੀ ਝੰਡੀ ਦਿਖਾ ਕੇ ਕੀਤਾ। ਇਸ ਮੌਕੇ ਚੀਫ਼ ਜਸਟਿਸ ਬੀ.ਆਰ. ਗਵਈ, ਜਸਟਿਸ ਸੂਰਿਆ ਕਾਂਤ, ਐੱਸ ਸੀ ਬੀ ਏ ਪ੍ਰਧਾਨ ਵਿਕਾਸ ਸਿੰਘ ਅਤੇ ਬਾਰ ਕੌਂਸਲ ਆਫ਼ ਇੰਡੀਆ ਨੇ ਦੇਸ਼ ਭਰ ਵਿੱਚ ਬਕਾਇਆ ਪਏ ਕਰੋੜਾਂ ਕੇਸਾਂ ’ਤੇ ਚਿੰਤਾ ਪ੍ਰਗਟਾਈ ਅਤੇ ਨਿਆਂ ਪ੍ਰਣਾਲੀ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਮੁੜ ਬਹਾਲ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਐਸੋਸੀਏਸ਼ਨ ਨੇ ਕਿਹਾ ਕਿ ਇਸ ਮੁਹਿੰਮ ਦਾ ਟੀਚਾ ਸਿਰਫ਼ ਤੇਜ਼ ਨਿਬੇੜਾ ਕਰਨਾ ਨਹੀਂ, ਸਗੋਂ ਸਾਰੀਆਂ ਧਿਰਾਂ ਲਈ ਸਮੇਂ ਸਿਰ, ਅਰਥਪੂਰਨ ਅਤੇ ਨਿਰਪੱਖ ਨਿਆਂ ਯਕੀਨੀ ਬਣਾਉਣਾ ਹੈ। ਬਿਆਨ ਵਿੱਚ ਕਿਹਾ ਗਿਆ ਕਿ ਨਿਆਂ ਵਿੱਚ ਦੇਰੀ ਨਾ ਸਿਰਫ਼ ਸਿਸਟਮ ’ਤੇ ਬੋਝ ਪਾਉਂਦੀ ਹੈ, ਸਗੋਂ ਜਨਤਾ ਦੇ ਵਿਸ਼ਵਾਸ ਨੂੰ ਵੀ ਕਮਜ਼ੋਰ ਕਰਦੀ ਹੈ।
ਇਸ ਮੰਚ ਰਾਹੀਂ ਝਗੜਿਆਂ ਦੇ ਨਿਬੇੜੇ ਲਈ ਬਦਲਵੇਂ ਤਰੀਕਿਆਂ, ਖਾਸ ਕਰਕੇ ਵਿਚੋਲਗੀ ਅਤੇ ਸਾਲਸੀ ਦੀ ਵਧਦੀ ਭੂਮਿਕਾ ਨੂੰ ਵੀ ਉਜਾਗਰ ਕੀਤਾ ਗਿਆ, ਜੋ ਤੇਜ਼ ਅਤੇ ਦੋਸਤਾਨਾ ਹੱਲ ਪੇਸ਼ ਕਰਦੇ ਹਨ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੀਨੀਅਰ ਵਕੀਲ ਵਿਕਾਸ ਸਿੰਘ ਨੇ ਕਿਹਾ, ‘ਨਿਆਂ ਦਾ ਅਸਲ ਅਰਥ ਅਦਾਲਤ ਦੇ ਫੈਸਲੇ ਤੋਂ ਕਿਤੇ ਵੱਡਾ ਹੈ। ਜੇ ਸਾਰੇ ਕੇਸਾਂ ਦਾ ਫੈਸਲਾ ਹੋ ਵੀ ਜਾਵੇ, ਤਾਂ ਵੀ ਜਿੱਤਣ ਵਾਲਾ ਪੱਖ ਤਾਂ ਨਿਆਂ ਮਿਲਿਆ ਮਹਿਸੂਸ ਕਰੇਗਾ, ਪਰ ਹਾਰਨ ਵਾਲੇ ਲਈ ਅਜਿਹਾ ਨਹੀਂ ਹੋਵੇਗਾ। ਸੱਚਾ ਨਿਆਂ ਸਿਰਫ਼ ਵਿਚੋਲਗੀ ਰਾਹੀਂ ਹੀ ਸੰਭਵ ਹੈ, ਜਿੱਥੇ ਦੋਵੇਂ ਧਿਰਾਂ ਦੀ ਸਹਿਮਤੀ ਨਾਲ ਹੱਲ ਕੱਢਿਆ ਜਾਂਦਾ ਹੈ।’ ਉਨ੍ਹਾਂ ਕਿਹਾ ਕਿ ਹੁਣ ਮੁਕੱਦਮੇਬਾਜ਼ੀ ਵਿੱਚ ‘ਦੇਣ ਅਤੇ ਲੈਣ ਦੀ ਭਾਵਨਾ’ ਪੈਦਾ ਕਰਨ ਦਾ ਸਮਾਂ ਆ ਗਿਆ ਹੈ।
ਵਾਕਾਥੌਨ ਤੋਂ ਬਾਅਦ ਸੁਪਰੀਮ ਕੋਰਟ ਦੇ ਲਾਅਨ ਅਤੇ ਨੇੜਲੇ ਖੇਤਰਾਂ ਵਿੱਚ ਪੌਦੇ ਲਾਉਣ ਦੀ ਮੁਹਿੰਮ ਵੀ ਚਲਾਈ ਗਈ। ਇਸ ਸਮਾਗਮ ਵਿੱਚ 2,000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ।

