ਸੁਪਰੀਮ ਕੋਰਟ ਵੱਲੋਂ ਦਿੱਲੀ-ਐੱਨਸੀਆਰ ਵਿਚ Green crackers ਵੇਚਣ ਤੇ ਚਲਾਉਣ ਦੀ ਖੁੱਲ੍ਹ
ਬੈਂਚ ਨੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡਾਂ ਤੇ ਐੱਨਸੀਆਰ ਦੇ ਰਾਜ ਪ੍ਰਦੂਸ਼ਣ ਕੰਟਰੋਲ ਬੋਰਡਾਂ ਨੂੰ ਦੀਵਾਲੀ ਦੌਰਾਨ ਪ੍ਰਦੂਸ਼ਣ ਦੇ ਪੱਧਰ ’ਤੇ ਨਿਗਰਾਨੀ ਰੱਖਣ ਤੇ ਇਸ ਸਬੰਧੀ ਰਿਪੋਰਟ ਦਾਇਰ ਕਰਨ ਦੀ ਹਦਾਇਤ ਕੀਤੀ ਹੈ। ਬੈਂਚ ਨੈ ਕਿਹਾ, ‘‘ਆਰਜ਼ੀ ਉਪਰਾਲੇ ਵਜੋਂ ਅਸੀਂ 18 ਤੋਂ 21 ਅਕਤੂਬਰ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਦਿੰਦੇ ਹਾਂ।’’
ਸੀਜੇਆਈ ਨੇ ਹੁਕਮਾਂ ਦੇ ਕਾਰਜ਼ਸੀਲ ਹਿੱਸੇ ਨੂੰ ਪੜ੍ਹਦਿਆਂ ਕਿਹਾ, ‘‘ਦਿੱਲੀ ਐੱਨਸੀਆਰ ਵਿਚ ਪਟਾਕਿਆਂ ਦੀ ਤਸਕਰੀ ਕੀਤੀ ਜਾ ਰਹੀ ਹੈ, ਤੇ ਇਹ ਪਟਾਕੇ ਗ੍ਰੀਨ ਪਟਾਕਿਆਂ ਨਾਲੋਂ ਵੱਧ ਨੁਕਸਾਨ ਕਰਦੇ ਹਨ।’’ ਸੀਜੇਆਈ ਨੇ ਕਿਹਾ, ‘‘ਸਾਨੂੰ ਚੌਗਿਰਦੇ ਨਾਲ ਸਮਝੌਤਾ ਕੀਤੇ ਬਗੈਰ ਸੰਤੁਲਤ ਪਹੁੰਚ ਅਪਣਾਉਣੀ ਹੋਵੇਗੀ।’’
ਹੁਕਮਾਂ ਵਿਚ ਕਿਹਾ ਗਿਆ ਕਿ ਪੈਟਰੋਲਿੰਗ ਟੀਮਾਂ ਪਟਾਕਾ ਨਿਰਮਾਤਾਵਾਂ ’ਤੇ ਨਿਯਮਤ ਅੱਖ ਰੱਖਣਗੀਆਂ ਤੇ ਉਨ੍ਹਾਂ ਦੇ ਕਿਊਆਰ ਕੋਡ ਵੈੱਬਸਾਈਟਾਂ ’ਤੇ ਅਪਲੋਡ ਕਰਨੇ ਹੋਣਗੇ। ਬੈਂਚ ਨੇ ਕਿਹਾ ਕਿ ਦਿੱਲੀ ਐੱਨਸੀਆਰ ਤੋਂ ਬਾਹਰਲੇ ਪਟਾਕੇ ਇਥੇ ਨਹੀਂ ਵੇਚੇ ਜਾ ਸਕਣਗੇ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਵੇਚਣ ਵਾਲੇ ਦਾ ਲਾਇਸੈਂਸ ਮੁਅੱਤਲ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਦਿੱਲੀ ਐੱਨਸੀਆਰ ਵਿਚ ਗ੍ਰੀਨ ਪਟਾਕਿਆਂ ਦੇ ਨਿਰਮਾਣ ਤੇ ਵਿਕਰੀ ਦੀ ਇਜਾਜ਼ਤ ਮੰਗਦੀਆਂ ਪਟੀਸ਼ਨਾਂ ’ਤੇ 10 ਅਕਤੂੁਬਰ ਨੂੰ ਫੈਸਲਾ ਰਾਖਵਾਂ ਰੱਖ ਲਿਆ ਸੀ। ਕੌਮੀ ਰਾਜਧਾਨੀ ਖੇਤਰ ਰਾਜਾਂ ਤੇ ਕੇਂਦਰ ਵੱਲੋਂ ਸੌਲਿਸਟਰ ਜਨਰਲ ਤੁਸ਼ਰ ਮਹਿਤਾ ਪੇਸ਼ ਹੋਏ। ਮਹਿਤਾ ਨੇ ਕੋਰਟ ਨੂੰ ਅਪੀਲ ਕੀਤੀ ਸੀ ਕਿ ਦਿੱਲੀ ਐੱਨਸੀਆਰ ਵਿਚ ਦੀਵਾਲੀ, ਗੁਰਪੁਰਬ ਤੇ ਕ੍ਰਿਸਮਸ ਮੌਕੇ ਬਿਨਾਂ ਕਿਸੇ ਸਮੇਂ ਦੀ ਪਾਬੰਦੀ ਦੇ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇ।