ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਨੂੰ ਮੰਗ ਪੱਤਰ ਸੌਂਪਿਆ
ਦਿੱਲੀ ਵਿੱਚ 2005 ਤੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਕਾਰਜਸ਼ੀਲ ਨਿਸ਼ਕਾਮ ਸੰਸਥਾ ਪੰਜਾਬੀ ਹੈਲਪਲਾਈਨ ਦਿੱਲੀ ਦੇ ਵਫ਼ਦ ਵੱਲੋਂ ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਮਨਵਿੰਦਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਸੰਸਥਾ ਦੇ ਆਗੂਆਂ ਪ੍ਰਕਾਸ਼ ਸਿੰਘ ਗਿੱਲ, ਮਹਿੰਦਰ ਪਾਲ ਮੁੰਜਾਲ, ਸੁਨੀਲ ਬੇਦੀ, ਕੁਲਦੀਪ ਸਿੱਘ ਤੇ ਸਾਬਕਾ ਪ੍ਰਿੰਸੀਪਲ ਮਿਲਖੀ ਰਾਮ ਨੇ ਅਕਾਦਮੀ ਦੇ ਸਕੱਤਰ ਨੂੰ ਦੱਸਿਆ ਕਿ ਦਿੱਲੀ ’ਚ ਕੁਝ ਸਾਲਾਂ ਤੋਂ ਐੱਸ ਸੀ ਈ ਆਰ ਟੀ ਵੱਲੋਂ ਪੰਜਾਬੀ ਅਧਿਆਪਕਾਂ ਲਈ ਕਰਵਾਈ ਜਾਂਦੀ ਟਰੇਨਿੰਗ ਜਾਂ ਸੈਮੀਨਾਰਾਂ ਵਿੱਚ ਸਿਰਫ਼ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਰੈਗੂਲਰ ਪੰਜਾਬੀ ਅਧਿਆਪਕਾਂ ਨੂੰ ਹੀ ਸ਼ਾਮਲ ਕੀਤਾ ਜਾ ਰਿਹਾ ਹੈ ਜਦਕਿ ਦਿੱਲੀ ਵਿੱਚ ਪੰਜਾਬੀ ਅਕਾਦਮੀ ਦੇ ਅਧਿਆਪਕ ਵੀ ਸਕੂਲਾਂ ’ਚ ਪੰਜਾਬੀ ਪੜ੍ਹਾ ਰਹੇ ਹਨ। ਦਿੱਲੀ ’ਚ ਪੰਜਾਬੀ ਭਾਸ਼ਾ ਨੂੰ ਦਿੱਲੀ ਸਰਕਾਰ ਵੱਲੋਂ ਦੂਜੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ। ਐੱਸ ਸੀ ਈ ਆਰ ਟੀ ਇਨ੍ਹਾਂ ਸੈਮੀਨਾਰਾਂ ’ਚ ਪੰਜਾਬੀ ਅਕਾਦਮੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਪੰਜਾਬੀ ਅਧਿਆਪਕਾਂ ਨੂੰ ਸ਼ਾਮਲ ਨਾ ਕਰਕੇ ਪੰਜਾਬੀ ਭਾਸ਼ਾ ਨਾਲ ਮਤਰੇਆ ਸਲੂਕ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬੀ ਅਧਿਆਪਕਾਂ ਨੂੰ ਸੈਮੀਨਾਰਾਂ ਲਈ ਸ਼ਾਮਲ ਕੀਤਾ ਜਾਵੇ। ਮਨਵਿੰਦਰ ਸਿੰਘ ਨੇ ਭਰੋਸਾ ਦਿੱਤਾ ਕਿ ਐੱਸਸੀਈਆਰਟੀ ਤੇ ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਨਾਲ ਰਾਬਤਾ ਕਾਇਮ ਕਰਕੇ ਪੰਜਾਬੀ ਅਕਾਦਮੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਪੰਜਾਬੀ ਅਧਿਆਪਕਾਂ ਨੂੰ ਵੀ ਇਸ ਟਰੇਨਿੰਗ ’ਚ ਸ਼ਾਮਲ ਕਰਵਾਉਣ ਦੀ ਪਹਿਲ ਕਦਮੀ ਕੀਤੀ ਜਾਵੇਗੀ। ਇਸ ਦੇ ਨਾਲ ਪੰਜਾਬੀ ਹੈਲਪਲਾਈਨ ਦੇ ਆਗੂਆਂ ਨੇ ਸਕੱਤਰ ਨੂੰ ਈ-ਪੇਪਰ ‘ਸੰਦੇਸ਼’ ਦੀ ਕਾਪੀ ਵੀ ਭੇਟ ਕੀਤੀ।