ਵਿਦਿਆਰਥੀਆਂ ਨੇ ਡੀ ਯੂ ਐੱਸ ਯੂ ਦਫ਼ਤਰ ਘੇਰਿਆ
ਦਿੱਲੀ ਯੂਨੀਵਰਸਿਟੀ (ਡੀ ਯੂ) ਦੇ ਭੀਮ ਰਾਓ ਅੰਬੇਡਕਰ ਕਾਲਜ ਵਿੱਚ ਇੱਕ ਪ੍ਰੋਫੈਸਰ ਨੂੰ ਥੱਪੜ ਮਾਰਨ ਦਾ ਮਾਮਲਾ ਗਰਮਾ ਗਿਆ ਹੈ। ਇਸ ਘਟਨਾ ਦੇ ਵਿਰੋਧ ਵਿੱਚ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਏ ਆਈ ਐੱਸ ਏ) ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਡੀ ਯੂ ਐੱਸ ਯੂ) ਦੇ ਦਫ਼ਤਰ ਦਾ ਘਿਰਾਓ ਕੀਤਾ ਅਤੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਡੀ ਯੂ ਐੱਸ ਯੂ ਦੀ ਸੰਯੁਕਤ ਸਕੱਤਰ ਦੀਪਿਕਾ ਝਾਅ ਦੇ ਤੁਰੰਤ ਅਸਤੀਫ਼ੇ ਅਤੇ ਉਸ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ। ਡੀ ਯੂ ਐੱਸ ਯੂ ਪ੍ਰਧਾਨ ਅਤੇ ਸੰਯੁਕਤ ਸਕੱਤਰ ਦੀਪਿਕਾ ਝਾਅ ’ਤੇ 50 ਤੋਂ ਵੱਧ ਏ ਬੀ ਵੀ ਪੀ ਮੈਂਬਰਾਂ ਨਾਲ ਮਿਲ ਕੇ ਕਾਲਜ ਵਿੱਚ ਦਾਖਲ ਹੋ ਕੇ ਕਈ ਅਧਿਆਪਕਾਂ ਨਾਲ ਹੱਥੋਪਾਈ ਕਰਨ ਦਾ ਦੋਸ਼ ਹੈ। ਇਸ ਦੌਰਾਨ ਦੀਪਿਕਾ ਝਾਅ ਨੇ ਕਾਲਜ ਦੀ ਅਨੁਸ਼ਾਸਨ ਕਮੇਟੀ ਦੇ ਕਨਵੀਨਰ ਪ੍ਰੋ. ਸੁਜੀਤ ਕੁਮਾਰ ਨੂੰ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਥੱਪੜ ਮਾਰ ਦਿੱਤਾ। ਇਹ ਪੂਰੀ ਘਟਨਾ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈ। ਪ੍ਰੋ. ਸੁਜੀਤ ਕੁਮਾਰ ਏ ਬੀ ਵੀ ਪੀ ਦੇ ਕਾਰਕੁਨਾਂ ਵੱਲੋਂ ਵਿਦਿਆਰਥੀਆਂ ਨਾਲ ਕੀਤੀ ਗਈ ਹਿੰਸਾ ਦੇ ਪੁਰਾਣੇ ਮਾਮਲਿਆਂ ਦੀ ਜਾਂਚ ਕਰ ਰਹੇ ਸਨ। ਏ ਆਈ ਐੱਸ ਏ ਦੇ ਆਗੂਆਂ ਨੇ ਦੋਸ਼ ਲਾਇਆ ਕਿ ਇਹ ਹਮਲਾ ਪੁਲੀਸ ਦੀ ਮੌਜੂਦਗੀ ਵਿੱਚ ਕੀਤਾ ਗਿਆ। ਏ ਆਈ ਐੱਸ ਏ ਦੀ ਡੀ ਯੂ ਪ੍ਰਧਾਨ ਸਾਵੀ ਨੇ ਕਿਹਾ, ‘ਇਹ ਹਮਲਾ ਸਿਰਫ਼ ਇੱਕ ਪ੍ਰੋਫੈਸਰ ’ਤੇ ਨਹੀਂ, ਸਗੋਂ ਯੂਨੀਵਰਸਿਟੀ ਦੇ ਉਸ ਵਿਚਾਰ ’ਤੇ ਹੈ ਜਿੱਥੇ ਅਧਿਆਪਕ ਅਤੇ ਵਿਦਿਆਰਥੀ ਆਜ਼ਾਦੀ ਨਾਲ ਸੋਚ ਅਤੇ ਬੋਲ ਸਕਦੇ ਹਨ। ਅਸੀਂ ਡਰ ਦੀ ਇਸ ਰਾਜਨੀਤੀ ਨੂੰ ਰੱਦ ਕਰਦੇ ਹਾਂ।’