ਅੱਜ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਨੇ ਰਾਮਜਸ ਕਾਲਜ ਵਿੱਚ ਹੋਸਟਲ ਬੰਦ ਕਰਨ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਹੋਸਟਲ ਨੂੰ ਦੁਬਾਰਾ ਖੋਲ੍ਹਣ ਦੀ ਮੰਗ ਉਠਾਈ ਗਈ। (ਆਇਸਾ) ਦੇ ਕਾਰਕੁਨਾਂ ਨੇ ਦੋਸ਼ ਲਾਇਆ ਕਿ ਰਾਮਜਸ ਕਾਲਜ ਵਿੱਚ ਇਹ ਘਟਨਾ ਕੋਈ ਪਹਿਲੀ ਵਾਰ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਹ ਦਿੱਲੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਪਰੇਸ਼ਾਨ ਕਰਨ ਦਾ ਮੰਤਵ ਹੈ। ਹੰਸਰਾਜ ਕਾਲਜ ਨੇ ਇਹ ਨੋਟਿਸ ਵੀ ਦਿੱਤਾ ਕਿ ਉਹ ਮੌਜੂਦਾ ਸੈਸ਼ਨ ਲਈ ਵਿਦਿਆਰਥੀਆਂ ਨੂੰ ਦਾਖ਼ਲਾ ਨਹੀਂ ਦੇਵੇਗਾ। ਹਿੰਦੂ ਕਾਲਜ ਲੜਕਿਆਂ ਦਾ ਹੋਸਟਲ ਤਾਲਾਬੰਦੀ ਤੋਂ ਬਾਅਦ ਬੰਦ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਰਾਮਜਸ ਕਾਲਜ ਨੇ ਨਵੇਂ ਵਿਦਿਆਰਥੀਆਂ ਦੇ ਆਉਣ ਨਾਲ ਹੀ ਦੋਵੇਂ ਹੋਸਟਲ ਬੰਦ ਕਰ ਦਿੱਤੇ ਹਨ।
ਦਿੱਲੀ ਯੂਨੀਵਰਸਿਟੀ ਦੀ ‘ਆਇਸਾ’ ਇਕਾਈ ਦੀ ਸਕੱਤਰ ਅੰਜਲੀ ਨੇ ਵਿਰੋਧ ਪ੍ਰਦਰਸ਼ਨ ਵਿੱਚ ਕਿਹਾ ਕਿ ਇਹ ਹਾਸ਼ੀਏ ‘ਤੇ ਆਏ ਵਿਦਿਆਰਥੀਆਂ ਨੂੰ ਬਾਹਰ ਕੱਢਣ ਲਈ ਕਾਲਜ ਦਾ ਇੱਕ ਰਣਨੀਤਕ ਕਦਮ ਹੈ। ਉਨ੍ਹਾਂ ਦੱਸਿਆ ਕਿ 2016 ਵਿੱਚ “ਮੇਰੇ ਆਪਣੇ ਕਮਰੇ” ਮੁਹਿੰਮ ਸ਼ੁਰੂ ਕੀਤੀ ਗਈ ਸੀ ਅਤੇ ਯੂਨੀਵਰਸਿਟੀ ਦੀ ਮਾਲਕੀ ਵਾਲੀ ਖਾਲੀ ਜ਼ਮੀਨ ਦੀ ਇੱਕ ਸੂਚੀ ਜਮ੍ਹਾਂ ਕਰਵਾਈ ਗਈ ਸੀ। ਜਿਸਦੀ ਵਰਤੋਂ ਹੋਸਟਲ ਬਣਾਉਣ ਲਈ ਕੀਤੀ ਜਾ ਸਕਦੀ ਸੀ। ਫਿਰ ਵੀ 2019 ਵਿੱਚ ਵਿਸ਼ਵਵਿਦਿਆਲਿਆ ਮੈਟਰੋ ਦੇ ਸਾਹਮਣੇ ਯੂਨੀਵਰਸਿਟੀ ਦੀ ਜ਼ਮੀਨ ‘ਤੇ ਇੱਕ 39 ਮੰਜ਼ਿਲਾ ਨਿੱਜੀ ਇਮਾਰਤ ਬਣਾਈ ਜਾ ਰਹੀ ਸੀ। ਅੰਜਲੀ ਨੇ ਅੱਗੇ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਉਹ ਬੰਦ ਹੋਸਟਲ ਦੇ ਗੇਟ ਦੇ ਸਾਹਮਣੇ ਧਰਨਾ ਦੇ ਕੇ ਬੈਠ ਗਏ। ਵਿਦਿਆਰਥੀਆਂ ਨੇ ਕਿਹਾ ਕਿ ਪਹਿਲੀ ਅਗਸਤ ਤੋਂ ਨਵਾਂ ਵਿਦਿਅਕ ਸੈਸ਼ਨ ਸ਼ੁਰੂ ਹੋ ਰਿਹਾ ਹੈ ਪਰ ਹੋਸਟਲਾਂ ਦੀ ਘਾਟ ਵਿਦਿਆਰਥੀਆਂ ਅੱਗੇ ਵੱਡਾ ਸਵਾਲ ਬਣ ਕੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਇਹ ਮਾਡਲ ਵਿਦਿਆਰਥੀਆਂ ਨੂੰ ਨਾ-ਸਹਿਣਯੋਗ ਨਿੱਜੀ ਰਿਹਾਇਸ਼ਾਂ ਵੱਲ ਧੱਕ ਰਿਹਾ ਹੈ। ਵਿਦਿਆਰਥੀ ਨਿੱਜੀ ਰਿਹਾਇਸ਼ਾਂ ਲੈਣ ਲਈ ਮਜਬੂਰ ਹੋ ਰਹੇ ਹਨ, ਜਦਕਿ ਉਨ੍ਹਾਂ ਦਾ ਹੋਸਟਲ ਲੈਣਾ ਅਧਿਕਾਰ ਹੈ। ਵਿਦਿਆਰਥੀਆਂ ਨੇ ਕਿਹਾ ਕਿ ਇਸ ਨਾਲ ਦਿੱਲੀ ਯੂਨੀਵਰਿਸਟੀ ਦੀ ਸਾਖ ਨੂੰ ਵੀ ਢਾਹ ਲੱਗ ਰਹੀ ਹੈ। ਵਿਦਿਆਰਥੀਆਂ ਨੇ ਕਿਹਾ ਕਿ ਦੇਸ਼ ਭਰ ਤੋਂ ਆਉਣ ਵਾਲੇ ਲੱਖਾਂ ਵਿਦਿਆਰਥੀਆਂ ਲਈ ਹੋਸਟਲ ਉਨ੍ਹਾਂ ਦਾ ਇੱਕ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਹੋਸਟਲ ਯਕੀਨੀ ਬਣਾਉਣ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ।