ਹਾਲੇ ਪੜਾਅ ਤਿੰਨ ਦੀਆਂ ਸਖਤ ਪਾਬੰਦੀਆਂ ਨਹੀਂ ਲਾਈਆਂ ਜਾਣਗੀਆਂ: ਸੀ ਏ ਕਿਊ ਐੱਮ
CAQM says Delhi's air quality improving; no Stage 3 curbs for now ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਨੇ ਅੱਜ ਕਿਹਾ ਕਿ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਵਿੱਚ ਥੋੜ੍ਹਾ ਸੁਧਾਰ ਹੋਇਆ ਜਿਸ ਕਾਰਨ ਹਾਲੇ ਪੜਾਅ 3 ਦੀਆਂ ਸਖ਼ਤ ਪਾਬੰਦੀਆਂ ਨਹੀਂ ਲਾਈਆਂ ਜਾਣਗੀਆਂ। ਸੀ ਏ ਕਿਊ ਐਮ ਦੀ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (GRAP) ਬਾਰੇ ਸਬ-ਕਮੇਟੀ ਦੀ ਅੱਜ ਸ਼ਾਮ ਵੇਲੇ ਮੀਟਿੰਗ ਹੋਈ। ਪੈਨਲ ਨੇ ਸਮੀਖਿਆ ਕਰਦਿਆਂ ਦੱਸਿਆ ਕਿ ਦਿੱਲੀ ਵਿਚ ਸਵੇਰੇ ਦਸ ਵਜੇ ਏ ਕਿਊ ਆਈ 391 ਸੀ ਪਰ ਸ਼ਾਮ ਚਾਰ ਵਜੇ ਤੱਕ ਇਹ 370 ਅਤੇ ਸ਼ਾਮ 5 ਵਜੇ ਤੱਕ 365 ’ਤੇ ਆ ਗਿਆ। ਇਸ ਤੋਂ ਬਾਅਦ ਸਬ ਕਮੇਟੀ ਨੇ ਫੈਸਲਾ ਕੀਤਾ ਕਿ ਇਸ ਸਮੇਂ ਗਰੈਪ ਦੇ ਪੜਾਅ 3 ਦੀਆਂ ਪਾਬੰਦੀਆਂ ਨੂੰ ਲਾਗੂ ਕਰਨ ਦੀ ਕੋਈ ਲੋੜ ਨਹੀਂ ਹੈ ਅਤੇ ਕੌਮੀ ਰਾਜਧਾਨੀ ਵਿਚ ਪੜਾਅ 1 ਅਤੇ 2 ਦੀਆਂ ਪਾਬੰਦੀਆਂ ਜਾਰੀ ਰਹਿਣਗੀਆਂ।
ਪੈਨਲ ਨੇ ਕਿਹਾ ਕਿ ਉਹ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਲੋੜ ਅਨੁਸਾਰ ਪਾਬੰਦੀਆਂ ਲਾਈਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਗਰੈਪ ਪੜਾਅ 3 ਵਿੱਚ ਗੈਰ-ਜ਼ਰੂਰੀ ਨਿਰਮਾਣ ਕਾਰਜਾਂ ’ਤੇ ਪਾਬੰਦੀ ਸ਼ਾਮਲ ਹੈ। ਗਰੇਡ ਪੰਜ ਤੱਕ ਦੀਆਂ ਕਲਾਸਾਂ ਨੂੰ ਪੜਾਅ 3 ਤਹਿਤ ਹਾਈਬ੍ਰਿਡ ਮੋਡ ਵਿੱਚ ਤਬਦੀਲ ਕਰਨ ਦੀ ਲੋੜ ਹੈ। ਇਸ ਦੇ ਦੂਜੇ ਪਾਸੇ ਅੱਜ ਵੱਡੀ ਗਿਣਤੀ ਮਾਪਿਆਂ ਨੇ ਆਪਣੇ ਬੱਚਿਆਂ ਨਾਲ ਇੰਡੀਆ ਗੇਟ ’ਤੇ ਪ੍ਰਦਰਸ਼ਨ ਕੀਤਾ ਤੇ ਸਰਕਾਰ ਨੂੰ ਪ੍ਰਦੂਸ਼ਣ ਨੂੰ ਘਟਾਉਣ ਲਈ ਜ਼ਰੂਰੀ ਕਾਰਵਾਈ ਕਰਨ ਲਈ ਕਿਹਾ। ਪੀਟੀਆਈ
