ਪੰਜਾਬ ਸਾਹਿਤ ਸਭਾ ਵੱਲੋਂ ਕਹਾਣੀ ਦਰਬਾਰ
ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਵੱਲੋਂ ਪੰਜਾਬੀ ਭਵਨ ਵਿੱਚ ਕਹਾਣੀ ਦਰਬਾਰ ਕਰਵਾਇਆ ਗਿਆ। ਇਸ ਵਿੱਚ ਪੰਜਾਬੀ ਦੇ ਤਿੰਨ ਕਹਾਣੀਕਾਰਾਂ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ ਦੇ ਸਾਬਕਾ ਮੁਖੀ, ਉੱਘੇ ਵਿਦਵਾਨ ਪ੍ਰੋ. (ਡਾ.) ਮਨਜੀਤ ਸਿੰਘ ਨੇ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਅਮਨਪ੍ਰੀਤ ਸਿੰਘ ਗਿੱਲ ਦੀ ਕਹਾਣੀ ‘ਫਲੈਚਰ ਸਾਹਿਬ ਦੀ ਫਾਈਲ’ ਨਾਲ ਹੋਈ। ਨਦੀ ਵਾਂਗ ਵਹਿੰਦੀ ਹੋਈ ਸਰੋਤਿਆਂ ਤੱਕ ਪਹੁੰਚੀ ਇਸ ਕਹਾਣੀ ਵਿੱਚ ਜਿੱਥੇ ਸੰਤਾਲੀ ਦੀ ਵੰਡ ਦੇ ਦੁਖਾਂਤ ਨੂੰ ਚਿਤਰਿਆ ਗਿਆ, ਉਥੇ ਪ੍ਰਤੀਕਾਂ ਦੀ ਵੀ ਵਧੀਆ ਵਰਤੋਂ ਕੀਤੀ ਗਈ ਸੀ। ਬਲਜਿੰਦਰ ਨਸਰਾਲੀ ਨੇ ਕਹਾਣੀ ‘ਔਰਤ ਦੀ ਸ਼ਰਨ ਵਿੱਚ’ ਸੁਣਾਈ। ਇਸ ਕਹਾਣੀ ਦੀ ਪਿੱਠਭੂਮੀ ਵਿੱਚ ਭਾਵੇਂ ਡੋਗਰੀ ਸੱਭਿਆਚਾਰ ਸੀ ਪਰ ਅੰਤ ਤੱਕ ਪਹੁੰਚਦੇ-ਪਹੁੰਚਦੇ ਇਹ ਕਹਾਣੀ ਇੱਕ ਖਾਸ ਤਰ੍ਹਾਂ ਦੇ ਯੂਨੀਵਰਸਲ ਸੱਭਿਆਚਾਰ ਅਤੇ ਉਸ ਦੀਆਂ ਵਰਤਮਾਨ ਸਮਾਜਿਕ, ਆਰਥਿਕ ਸਥਿਤੀਆਂ ’ਤੇ ਵਿਅੰਗ ਕਰਨ ਵਿੱਚ ਕਾਮਯਾਬ ਰਹੀ। ਡਾ. ਗੁਰਦੀਪ ਕੌਰ ਨੇ ਦਿਵਿਆਂਗ ਬੱਚਿਆਂ ਦੇ ਮਨੋਵਿਗਿਆਨ ਨੂੰ ਪੇਸ਼ ਕਰਦੀ ਖ਼ੂਬਸੂਰਤ ਕਹਾਣੀ ‘ਠਹਿਰੇ ਹੋਏ ਹੰਝੂ’ ਸੁਣਾਈ। ਕਹਾਣੀ ਪਾਠ ਤੋਂ ਬਾਅਦ ਸੁਰਿੰਦਰ ਸਿੰਘ ਓਬਰਾਏ, ਡਾ. ਜਸਵਿੰਦਰ ਕੌਰ ਬਿੰਦਰਾ ਤੇ ਡਾ. ਵਨੀਤਾ ਨੇ ਚਰਚਾ ਵਿੱਚ ਹਿੱਸਾ ਲਿਆ। ਮੰਚ ਸੰਚਾਲਨ ਸਭਾ ਦੇ ਡਾਇਰੈਕਟਰ ਕੇਸਰਾ ਰਾਮ ਨੇ ਕੀਤਾ। ਅੰਤ ’ਚ ਪ੍ਰੋ. (ਡਾ.) ਮਨਜੀਤ ਸਿੰਘ ਨੇ ਕਿਹਾ ਕਿ ਤਿੰਨੇ ਕਹਾਣੀਆਂ ਵਿੱਚ ਆਪੋ ਆਪਣੇ ਵਿਸ਼ੇ ਨੂੰ ਖੂਬਸੂਰਤੀ ਨਾਲ ਨਜਿੱਠਿਆ ਗਿਆ ਹੈ। ਇਸ ਮੌਕੇ ਜਗਤਾਰ ਜੀਤ, ਮਹਿੰਦਰ ਸਿੰਘ ਕੂਕਾ, ਜਸਵੰਤ ਸਿੰਘ ਸੇਖਵਾਂ, ਰਾਜਿੰਦਰ ਬਿਆਲਾ ਆਦਿ ਮੌਜੂਦ ਸਨ।