ਲਾਲ ਕਿਲ੍ਹੇ ਵਿੱਚੋਂ ਚੋਰੀ ਹੋਇਆ ‘ਕਲਸ਼’ ਬਰਾਮਦ, ਇੱਕ ਗ੍ਰਿਫਤਾਰ
ਇੱਕ ਧਾਰਮਿਕ ਸਮਾਰੋਹ ਦੌਰਾਨ ਚੋਰੀ ਹੋਇਆ ਸੋਨੇ ਦਾ 'ਕਲਸ਼' ਉੱਤਰ ਪ੍ਰਦੇਸ਼ ਦੇ ਹਾਪੁਰ ਤੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਬਰਾਮਦ ਕਰ ਲਿਆ ਹੈ। ਪੁਲੀਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਜ਼ਿਕਰਯੋਗ ਹੈ ਕਿ 3 ਸਤੰਬਰ ਨੂੰ 760 ਗ੍ਰਾਮ ਸੋਨੇ ਦਾ ਬਣਿਆ ‘ਕਲਸ਼’ 15 ਅਗਸਤ ਪਾਰਕ ਵਿੱਚ ਇੱਕ ਜੈਨ ਧਾਰਮਿਕ ਸਮਾਗਮ ਦੌਰਾਨ ਚੋਰੀ ਹੋ ਗਿਆ ਸੀ। 1 ਕਰੋੜ ਦੀ ਕੀਮਤ ਵਾਲੇ ਇਸ ਕਲਸ਼ ਵਿਚ 150 ਗ੍ਰਾਮ ਹੀਰੇ, ਰੂਬੀ ਅਤੇ ਪੰਨੇ ਜੜੇ ਹੋਏ ਹਨ। ਇਸ ਮਾਮਲੇ ਦੀ ਜਾਂਚ ਉੱਤਰੀ ਜ਼ਿਲ੍ਹਾ ਪੁਲੀਸ ਅਤੇ ਕ੍ਰਾਈਮ ਬ੍ਰਾਂਚ ਦੀ ਇੱਕ ਸਾਂਝੀ ਟੀਮ ਕਰ ਰਹੀ ਹੈ। ਪੁਲੀਸ ਨੇ ਦੱਸਿਆ ਕਿ ਸੁਰਾਗ ਦੇ ਆਧਾਰ ’ਤੇ ਹਾਪੁਰ ਲਈ ਇੱਕ ਟੀਮ ਰਵਾਨਾ ਕੀਤੀ ਗਈ ਸੀ ਅਤੇ ਦੋਸ਼ੀ ਭੂਸ਼ਣ ਵਰਮਾ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘‘ਕਾਬੂ ਕੀਤੇ ਵਿਅਕਤੀ ਦੇ ਦੱਸਣ ’ਤੇ ਚੋਰੀ ਹੋਇਆ ਕਲਸ਼ ਵੀ ਬਰਾਮਦ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਨੂੰ ਪੁੱਛਗਿੱਛ ਲਈ ਦਿੱਲੀ ਲਿਆਂਦਾ ਜਾ ਰਿਹਾ ਹੈ।’’
ਪੁਲੀਸ ਨੇ ਦੱਸਿਆ ਕਿ ਵਰਮਾ ਦੇ ਪਿਛੋਕੜ, ਉਸ ਦੇ ਸਾਥੀਆਂ ਅਤੇ ਚੋਰੀ ਦੇ ਪਿੱਛੇ ਦੇ ਮਨੋਰਥ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਅਨੁਸਾਰ ਦੋਸ਼ੀ ਨੇ ਉਸ ਸਮੇਂ ਇਹ ਕਲਸ਼ ਚੋਰੀ ਕੀਤਾ, ਜਦੋਂ ਲੋਕ ਲੋਕ ਸਭਾ ਸਪੀਕਰ ਓਮ ਬਿਰਲਾ ਦਾ ਸਵਾਗਤ ਕਰਨ ਵਿੱਚ ਰੁੱਝੇ ਹੋਏ ਸਨ।