ਸਟਾਲਿਨ ਨੇ ਦਿੱਲੀ ਦੀ ਮੁੱਖ ਮੰਤਰੀ ਪੱਤਰ ਨੂੰ ਲਿਖਿਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਜੂਨ
ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਇੱਕ ਪੱਤਰ ਲਿਖਿਆ ਹੈ, ਜਿਸ ਵਿੱਚ ਪਹਿਲੀ ਜੂਨ ਨੂੰ ਜੰਗਪੁਰਾ ਵਿੱਚ ਮਦਰਾਸੀ ਕੈਂਪ ਢਾਹੇ ਜਾਣ ਤੋਂ ਬਾਅਦ ਪੈਦਾ ਹੋਏ ‘ਮਾਨਵਤਾਵਾਦੀ ਸੰਕਟ’ ਨੂੰ ਉਜਾਗਰ ਕੀਤਾ ਹੈ। ਤੋੜ ਫੋੜ ਦਰਮਿਆਨ 370 ਤਾਮਿਲ ਮੂਲ ਦੇ ਪਰਿਵਾਰਾਂ ਨੂੰ ਬੇਘਰ ਕਰ ਦਿੱਤਾ ਹੈ ਜੋ ਦਹਾਕਿਆਂ ਤੋਂ ਰਾਜਧਾਨੀ ਵਿੱਚ ਰਹਿ ਰਹੇ ਅਤੇ ਕੰਮ ਕਰ ਰਹੇ ਸਨ। ਆਪਣੇ ਪੱਤਰ ਵਿੱਚ ਸਟਾਲਿਨ ਨੇ ਦੱਸਿਆ ਕਿ ਹਾਲਾਂਕਿ ਦਿੱਲੀ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਨਰੇਲਾ ਵਿੱਚ 189 ਪਰਿਵਾਰ ਗ਼ਰੀਬਾਂ ਦੇ ਵਰਗ ਦੇ ਫਲੈਟਾਂ ਲਈ ਯੋਗ ਪਾਏ ਗਏ ਸਨ ਪਰ ਫਲੈਟ ਅਧੂਰੇ ਬੁਨਿਆਦੀ ਢਾਂਚੇ ਦੇ ਕਾਰਨ ਰਹਿਣ ਯੋਗ ਨਹੀਂ ਹਨ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਲਗਭਗ 20 ਕਿਲੋਮੀਟਰ ਦੂਰ ਆਵਾਜਾਈ ਵਿਵਸਥਾ ਨਹੀਂ ਹੈ ਅਤੇ 150 ਤੋਂ ਵੱਧ ਤਾਮਿਲ-ਮਾਧਿਅਮ ਸਕੂਲੀ ਬੱਚਿਆਂ ਲਈ ਕੋਈ ਪ੍ਰਬੰਧ ਨਾ ਹੋਣ ਕਰਕੇ ਵਿਸਥਾਪਿਤ ਪਰਿਵਾਰ ਅਜੇ ਵੀ ਦੁੱਖ ਝੱਲ ਰਹੇ ਹਨ। ਬਾਕੀ 181 ਪਰਿਵਾਰਾਂ ਨੂੰ ਕੋਈ ਬਦਲਵਾਂ ਘਰ ਨਹੀਂ ਦਿੱਤਾ ਗਿਆ ਹੈ। ਸਟਾਲਿਨ ਨੇ ਦਿੱਲੀ ਸਰਕਾਰ ਨੂੰ ਨਰੇਲਾ ਹਾਊਸਿੰਗ ਖੇਤਰਾਂ ’ਚ ਬੁਨਿਆਦੀ ਢਾਂਚਾ ਪੂਰਾ ਕਰਨ, ਹੋਰ ਪਰਿਵਾਰਾਂ ਲਈ ਸਲੱਮ ਅਤੇ ਜੇਜੇ ਪੁਨਰਵਾਸ ਨੀਤੀ ਦੇ ਤਹਿਤ ਯੋਗਤਾ ਨਿਯਮਾਂ ਵਿੱਚ ਢਿੱਲ ਦੇਣ, ਅਸਥਾਈ ਤਾਮਿਲ-ਮਾਧਿਅਮ ਸਕੂਲ ਸਥਾਪਤ ਕਰਨ, ਅਤੇ ਸਨਮਾਨਜਨਕ ਪੁਨਰਵਾਸ ਨੂੰ ਯਕੀਨੀ ਬਣਾਉਣ ਲਈ ਅਪੀਲ ਕੀਤੀ।