SSC ਪ੍ਰੀਖਿਆ ਰੱਦ ਨਹੀਂ ਹੋਵੇਗੀ:ਪ੍ਰਭਾਵਿਤ ਵਿਦਿਆਰਥੀਆਂ ਦੀ ਮੁੜ ਪ੍ਰੀਖਿਆ ਦੀ ਸੰਭਾਵਨਾ:ਚੇਅਰਮੈਨ
ਸਟਾਫ ਸਿਲੈਕਸ਼ਨ ਕਮਿਸ਼ਨ (SSC) ਦੇ ਚੇਅਰਮੈਨ ਐੱਸ ਗੋਪਾਲਕ੍ਰਿਸ਼ਨਨ ਨੇ ਪ੍ਰੀਖਿਆ ਦੌਰਾਨ ਹੋਏ ਮਾੜੇ ਪ੍ਰਬੰਧਾਂ ਦੇ ਵਿਰੋਧ ਵਿੱਚ ਕਿਹਾ ਕਿ ਐੱਸਐੱਸਸੀ (SSC) ਦੀ ਹਾਲ ਵਿੱਚ ਹੋਈ ਸਿਲੈਕਸ਼ਨ ਪੋਸਟ ਫੇਜ਼ 13 ਦੀ ਪ੍ਰੀਖਿਆ ਰੱਦ ਨਹੀਂ ਕੀਤੀ ਜਾਵੇਗੀ ਜਦਕਿ ਪ੍ਰਭਾਵਿਤ ਵਿਦਿਆਰਥੀਆਂ ਦੀ ਪ੍ਰੀਖਿਆ ਦੁਬਾਰਾ ਲਏ ਜਾਣ ਦੀ ਸੰਭਾਵਨਾ ਹੈ, ਜਿਨ੍ਹਾਂ ਨੁੂੰ 'ਨਿਰਪੱਖ ਮੌਕਾ' ( FAIR CHANCE) ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।
ਸੰਸਥਾ ਨੇ ਪ੍ਰੀਖਿਆ ਵੈਂਡਰ ਐਡੂਕਿਟੀ ਕਰੀਅਰ ਟੈਕਨਾਲੋਜੀਜ਼ (Vendor Eduquity Career Technologies) ਨੂੰ ਵੀ ਪੱਤਰ ਲਿਖਿਆ ਹੈ, ਜਿਸ ਵਿੱਚ ਫਰਮ ਨੂੰ 24 ਜੁਲਾਈ-1 ਅਗਸਤ ਟੈਸਟ ਵਿੰਡੋ ਦੌਰਾਨ ਰਿਪੋਰਟ ਕੀਤੇ ਗਏ ਸਾਰੇ ਮੁੱਦਿਆਂ ਨੂੰ ਹੱਲ ਕਰਨ ਲਈ ਕਿਹਾ ਗਿਆ ਹੈ।
ਚੇਅਰਮੇੈਨ ਨੇ ਕਿਹਾ, "ਅਸੀਂ ਡੇਟਾ ਦਾ ਵਿਸ਼ਲੇਸ਼ਣ ਕਰ ਰਹੇ ਹਾਂ। ਜੇ ਸਾਨੂੰ ਇੱਕ ਵੀ ਉਮੀਦਵਾਰ ਮਿਲਦਾ ਹੈ ਜਿਸ ਨਾਲ ਗਲਤ ਹੋਇਆ ਹੈ ਤਾਂ ਅਸੀਂ ਉਨ੍ਹਾਂ ਲਈ ਮੁੜ ਪ੍ਰੀਖਿਆ ਲਵਾਂਗੇ।"
ਦੱਸ ਦਈਏ ਕਿ ਐੱਸਐੱਸਸੀ (SSC) ਇੱਕ ਕੇਂਦਰੀ ਸੰਸਥਾ ਹੈ ਜੋ ਕੇਂਦਰੀ ਮੰਤਰਾਲਿਆਂ, ਵਿਭਾਗਾਂ ਅਤੇ ਹੋਰ ਸਰਕਾਰੀ ਸੰਗਠਨਾਂ ਵਿੱਚ ਵੱਖ-ਵੱਖ ਅਹੁਦਿਆਂ ਲਈ ਭਰਤੀ ਪ੍ਰੀਖਿਆਵਾਂ ਕਰਾਉਂਦੀ ਹੈ। ਫੇਜ਼ 13 ਦੀ ਪ੍ਰੀਖਿਆ ਜੋ ਕਿ 24 ਜੁਲਾਈ ਤੋਂ 1 ਅਗਸਤ ਦੇ ਵਿਚਕਾਰ 142 ਸ਼ਹਿਰਾਂ ਦੇ 194 ਕੇਂਦਰਾਂ ਵਿੱਚ ਕਰਵਾਈ ਗਈ ਸੀ, ਜਿਸ ਦੌਰਾਨ ਵਿਦਿਆਰਥੀਆਂ ਨੁੂੰ ਸਾਫਟਵੇਅਰ ਕਰੈਸ਼ ਹੋਣ, ਬਾਇਓਮੈਟ੍ਰਿਕ ਤਸਦੀਕ ਅਸਫਲਤਾਵਾਂ ਅਤੇ ਗਲਤ ਕੇਂਦਰ ਅਲਾਟਮੈਂਟਾਂ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪ੍ਰੀਖਿਆ ਵਿੰਡੋ ਦੌਰਾਨ ਲਗਭਗ 5 ਲੱਖ ਉਮੀਦਵਾਰ ਪ੍ਰੀਖਿਆ ਲਈ ਬੈਠੇ ਸਨ।
ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਪਿਛਲੇ ਹਫ਼ਤੇ ਤੋਂ ਦਿੱਲੀ ਦੀਆਂ ਸੜਕਾਂ 'ਤੇ ਵਿਰੋਧ ਪ੍ਰਦਰਸ਼ਨ ਕੀਤੇ ਗਏ। ਇਹ ਪ੍ਰਦਰਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵੀ ਤੇਜ਼ੀ ਨਾਲ ਵਾਇਰਲ ਹੋਈਆਂ।
ਚੇਅਰਮੇੈਨ ਨੇ ਇਨ੍ਹਾਂ ਮਾੜੇ ਪ੍ਰਬੰਧਾਂ ਨੁੂੰ ਕਬੂਲ ਕੀਤਾ ਅਤੇ ਉਨ੍ਹਾਂ ਭਰੋਸਾ ਦਵਾਇਆ ਕਿ ਆਉਣ ਵਾਲੇ ਮਹੀਨਿਆਂ ਵਿੱਚ ਸਾਰੇ ਮੁੱਦੇ ਹੱਲ ਕੀਤੇ ਜਾਣਗੇ। ਅਸੀਂ ਆਉਣ ਵਾਲੇ ਮਹੀਨਿਆਂ ਵਿੱਚ ਸੁਧਾਰ ਕਰਾਂਗੇ।ਉਨ੍ਹਾਂ ਇਹ ਵੀ ਕਿਹਾ ਕਿ ਜੇ ਲੋੜ ਪਈ ਤਾਂ ਪ੍ਰਭਾਵਿਤ ਵਿਦਿਆਰਥੀਆਂ ਦਾ ਦੁਬਾਰਾ ਪੇਪਰ ਵੀ ਲਵਾਂਗੇ।
ਜ਼ਿਕਰਯੋਗ ਹੈ ਕਿ ਵੱਡੀ ਤਾਦਾਦ ਵਿੱਚ ਵਿਦਿਆਰਥੀ ਪ੍ਰਭਾਵਿਤ ਹੋਏ ਅਤੇ ਇਨ੍ਹਾਂ ਦੀਆਂ ਸ਼ਿਕਾਇਤਾਂ ਵੀ ਪਹੁੰਚੀਆਂ, ਜਿਸ ਕਰਕੇ ਇਨ੍ਹਾਂ ਵਿਦਿਆਰਥੀਆਂ ਦੀ ਤੁਰੰਤ ਚਿੰਤਾ ਦੂਰ ਕਰਨ ਲਈ 2 ਅਗਸਤ ਨੁੂੰ ਤਿੰਨ ਸ਼ਿਫ਼ਟਾਂ ਵਿੱਚ ਟੈਸਟ ਲਏ ਗਏ। 2 ਅਗਸਤ ਨੂੰ ਲਗਭਗ 16,600 ਉਮੀਦਵਾਰ ਦੁਬਾਰਾ ਪ੍ਰੀਖਿਆ ਲਈ ਨਿਰਧਾਰਤ ਕੀਤੇ ਗਏ ਸਨ ਪਰ ਸਿਰਫ 60 ਫੀਸਦ ਹਾਜ਼ਰੀ ਯਾਨੀ 8,048 ਵਿਦਿਆਰਥੀ ਹੀ ਪਹੁੰਚੇ।