ਸੋਨਮ ਵਾਂਗਚੁਕ ਨੂੰ ਇਕਾਂਤ ਕੈਦ ਵਿੱਚ ਨਹੀਂ ਰੱਖਿਆ ਗਿਆ: ਜੇਲ੍ਹ ਸੁਪਰਡੈਂਟ ਨੇ ਸੁਪਰੀਮ ਕੋਰਟ ’ਚ ਕੀਤੇ ਵੱਡੇ ਖੁਲਾਸੇ !
ਜੋਧਪੁਰ ਕੇਂਦਰੀ ਜੇਲ੍ਹ ਪ੍ਰਸ਼ਾਸਨ ਨੇ ਲੱਦਾਖ ਦੇ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਦੇ ਮਾਮਲੇ ਸਬੰਧੀ ਸੁਪਰੀਮ ਕੋਰਟ ਵਿੱਚ ਇੱਕ ਹਲਫ਼ਨਾਮਾ ਦਾਇਰ ਕੀਤਾ ਹੈ, ਜਿਸਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਨਜ਼ਰਬੰਦ ਕੀਤਾ ਗਿਆ ਹੈ।
ਕੇਂਦਰੀ ਜੇਲ੍ਹ ਦੇ ਸੁਪਰਡੈਂਟ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਰਾਸ਼ਟਰੀ ਸੁਰੱਖਿਆ ਐਕਟ ਅਧੀਨ ਨਜ਼ਰਬੰਦ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਨੂੰ ਇਕਾਂਤ ਕੈਦ ਵਿੱਚ ਨਹੀਂ ਰੱਖਿਆ ਗਿਆ ਹੈ ਅਤੇ ਉਹ ਨਜ਼ਰਬੰਦਾਂ ਨੂੰ ਉਪਲਬਧ ਸਾਰੇ ਅਧਿਕਾਰਾਂ ਦਾ ਹੱਕਦਾਰ ਹੈ, ਜਿਸ ਵਿੱਚ ਮੁਲਾਕਾਤੀਆਂ ਤੱਕ ਪਹੁੰਚ ਸ਼ਾਮਲ ਹੈ।
ਜੇਲ੍ਹ ਸੁਪਰਡੈਂਟ ਪ੍ਰਦੀਪ ਲੱਖਾਵਤ ਦੁਆਰਾ ਦਾਇਰ ਹਲਫ਼ਨਾਮੇ ਵਿੱਚ ਵਾਂਗਚੁਕ ਦੀ ਨਜ਼ਰਬੰਦੀ ਦੀਆਂ ਸਥਿਤੀਆਂ, ਸਿਹਤ, ਖੁਰਾਕ ਅਤੇ ਮੁਲਾਕਾਤ ਦਾ ਵੇਰਵਾ ਦਿੱਤਾ ਗਿਆ ਹੈ।
ਸਿਖਰਲੀ ਅਦਾਲਤ ਦੇ ਸਾਹਮਣੇ ਦਾਇਰ ਕੀਤੇ ਗਏ ਹਲਫ਼ਨਾਮੇ ਵਿੱਚ, ਜੇਲ੍ਹ ਸੁਪਰਡੈਂਟ ਨੇ ਕਿਹਾ ਕਿ ਵਾਂਗਚੁਕ ਕਿਸੇ ਵੀ ਪੁਰਾਣੀ ਬਿਮਾਰੀ ਤੋਂ ਪੀੜਤ ਨਹੀਂ ਹੈ ਅਤੇ ਡਾਕਟਰੀ ਤੌਰ ’ਤੇ ਅਤੇ ਸਰੀਰਕ ਤੌਰ ’ਤੇ ਤੰਦਰੁਸਤ ਹੈ।
ਹਲਫ਼ਨਾਮੇ ਵਿੱਚ ਕਿਹਾ ਗਿਆ, “ਵਾਂਗਚੁਕ ਨੂੰ ਜਨਰਲ ਵਾਰਡ ਵਿੱਚ ਇੱਕ ਸਟੈਂਡਰਡ ਬੈਰਕ ਵਿੱਚ ਨਜ਼ਰਬੰਦ ਕੀਤਾ ਗਿਆ ਸੀ, ਜਿਸਦੀ ਮਾਪ 20 ਫੁੱਟ x 20 ਫੁੱਟ ਸੀ, ਜਿੱਥੇ ਉਹ ਅੱਜ ਤੱਕ ਨਜ਼ਰਬੰਦ ਹੈ ਅਤੇ ਮੌਜੂਦਾ ਸਮੇਂ ਵਿੱਚ ਅਜਿਹੀ ਜੇਲ੍ਹ ਬੈਰਕ ਦਾ ਇਕੱਲਾ ਕੈਦੀ ਹੈ। ਨਜ਼ਰਬੰਦ ਇਕਾਂਤ ਕੈਦ ਵਿੱਚ ਨਹੀਂ ਹੈ ਕਿਉਂਕਿ ਉਹ ਨਜ਼ਰਬੰਦਾਂ ਨੂੰ ਉਪਲਬਧ ਸਾਰੇ ਅਧਿਕਾਰਾਂ ਦਾ ਹੱਕਦਾਰ ਹੈ।”
ਹਾਲਾਂਕਿ ਉੱਧਰ ਲੇਹ ਜ਼ਿਲ੍ਹਾ ਮੈਜਿਸਟ੍ਰੇਟ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ‘ਸੂੂਬੇ ਦੀ ਸੁਰੱਖਿਆ, ਜਨਤਕ ਵਿਵਸਥਾ ਅਤੇ ਜ਼ਰੂਰੀ ਸੇਵਾਵਾਂ ਦੇ ਰੱਖ-ਰਖਾਅ ਲਈ ਨੁਕਸਾਨਦੇਹ ਗਤੀਵਿਧੀਆਂ” ਵਿੱਚ ਸ਼ਾਮਲ ਸੀ, ਜਿਸ ਕਾਰਨ ਉਸਨੂੰ ਕੌਮੀ ਸੁਰੱਖਿਆ ਐਕਟ (NSA) ਦੇ ਤਹਿਤ ਹਿਰਾਸਤ ਵਿੱਚ ਲਿਆ ਗਿਆ ਸੀ।