ਪੁੱਤ ਵੱਲੋਂ ਮਾਂ, ਪਿਓ ਤੇ ਭਰਾ ਦਾ ਕਤਲ
ਦੱਖਣੀ ਦਿੱਲੀ ਦੇ ਮੈਦਾਨ ਗੜ੍ਹੀ ਥਾਣਾ ਖੇਤਰ ਦੇ ਪਿੰਡ ਖੜਕ ਵਿੱਚ ਬੁੱਧਵਾਰ ਸ਼ਾਮ ਨੂੰ ਇੱਕ ਭਿਆਨਕ ਤੀਹਰਾ ਕਤਲ ਹੋਇਆ ਹੈ। ਇੱਕ ਨਸ਼ੇੜੀ ਪੁੱਤ ਨੇ ਆਪਣੇ ਮਾਤਾ-ਪਿਤਾ ਅਤੇ ਵੱਡੇ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮੁਲਜ਼ਮ ਦੀ ਪਛਾਣ ਸਿਧਾਰਥ (23) ਸਾਲ ਵਜੋਂ ਹੋਈ ਹੈ। ਮ੍ਰਿਤਕਾਂ ਦੀ ਪਛਾਣ ਪਿਤਾ ਪ੍ਰੇਮ ਸਿੰਘ (48), ਮਾਂ ਰਜਨੀ (45) ਅਤੇ ਭਰਾ ਰਿਤਿਕ (24) ਵਜੋਂ ਹੋਈ ਹੈ। ਪੁਲੀਸ ਅਨੁਸਾਰ ਉਸ ਨੇ ਤੇਜ਼ ਚਾਕੂ ਨਾਲ ਤਿੰਨਾਂ ਦਾ ਗਲਾ ਵੱਢ ਦਿੱਤਾ ਅਤੇ ਉਨ੍ਹਾਂ ਦੇ ਚਿਹਰੇ ’ਤੇ ਇੱਟ ਨਾਲ ਵਾਰ ਕੀਤਾ। ਕਤਲ ਮਗਰੋਂ ਨਸ਼ੇੜੀ ਪੁੱਤ ਫਰਾਰ ਹੋ ਗਿਆ ਅਤੇ ਪੁਲੀਸ ਉਸ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਸੂਚਨਾ ਮਿਲਣ ‘ਤੇ ਮੈਦਾਨ ਗੜ੍ਹੀ ਪੁਲੀਸ ਸਟੇਸ਼ਨ ਮੌਕੇ ‘ਤੇ ਪਹੁੰਚੀ ਅਤੇ ਘਰ ਵਿੱਚ ਦਾਖ਼ਲ ਹੋਣ ’ਤੇ ਦੋ ਲੋਕਾਂ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਪਈਆਂ ਮਿਲੀਆਂ। ਇਹ ਦੋ ਲਾਸ਼ਾਂ ਘਰ ਦੇ ਗ੍ਰਾਊਂਡ ਫ਼ਲੋਰ ’ਤੇ ਹੀ ਪਈਆਂ ਮਿਲੀਆਂ ਜਦੋਂ ਕਿ ਪਹਿਲੀ ਮੰਜ਼ਿਲ ’ਤੇ ਮਾਂ ਰਜਨੀ ਦੀ ਲਾਸ਼ ਮਿਲੀ, ਜਿਸ ਦਾ ਮੂੰਹ ਕੱਪੜੇ ਨਾਲ ਬੰਨ੍ਹਿਆ ਹੋਇਆ ਸੀ। ਪਰਿਵਾਰ ’ਚੋਂ ਸਿਧਾਰਥ ਦੇ ਲਾਪਤਾ ਹੋਣ ਨੇ ਕਤਲ ਦੇ ਸ਼ੱਕ ਨੂੰ ਹੋਰ ਡੂੰਘਾ ਕਰ ਦਿੱਤਾ। ਪੁਲੀਸ ਨੇ ਦੱਸਿਆ ਕਿ ਘਰ ਦੀ ਤਲਾਸ਼ੀ ਦੌਰਾਨ ਸਿਧਾਰਥ ਦੇ ਇਲਾਜ ਦੇ ਦਸਤਾਵੇਜ਼ ਅਤੇ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ। ਦਸਤਾਵੇਜ਼ਾਂ ਤੋਂ ਪਤਾ ਚੱਲਿਆ ਕਿ ਉਹ ਪਿਛਲੇ 12 ਸਾਲਾਂ ਤੋਂ ਮਾਨਸਿਕ ਸਿਹਤ ਸੰਸਥਾਵਾਂ ਤੋਂ ਇਲਾਜ ਕਰਵਾ ਰਿਹਾ ਸੀ। ਉਹ ਹਮੇਸ਼ਾ ਹਮਲਾਵਰ ਰਹਿੰਦਾ ਸੀ। ਪੁਲੀਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।