ਦਿੱਲੀ ’ਚ ਯਮੁਨਾ ਦੇ ਪਾਣੀ ਕਾਰਨ ਹਾਲਾਤ ਗੰਭੀਰ
ਦਿੱਲੀ ਦੇ ਪੁਰਾਣੇ ਰੇਲਵੇ ਪੁਲ ’ਤੇ ਯਮੁਨਾ ਨਦੀ ਵਿੱਚ ਪਾਣੀ ਦਾ ਪੱਧਰ ਸ਼ੁੱਕਰਵਾਰ ਸਵੇਰੇ ਸੱਤ ਵਜੇ 207.33 ਮੀਟਰ ਦਰਜ ਕੀਤਾ ਗਿਆ ਜੋ ਕਿ ਵੀਰਵਾਰ ਦੇ ਇਸ ਮੌਸਮ ਦੀ ਮੌਨਸੂਨ ਦੇ ਸਿਖ਼ਰ 207.48 ਮੀਟਰ ਤੋਂ ਘੱਟ ਸੀ। ਅਧਿਕਾਰਤ ਅੰਕੜਿਆਂ ਅਨੁਸਾਰ ਇਸ ਤੋਂ ਪਹਿਲਾਂ ਸਵੇਰੇ ਛੋ ਵਜੇ ਪਾਣੀ ਦਾ ਪੱਧਰ 207.35 ਮੀਟਰ ਸੀ। ਹਾਲਾਤ ਇਹ ਬਣ ਗਏ ਸਨ ਕਿ ਰਾਹਤ ਕੈਂਪਾਂ ਵਿੱਚ ਵੀ ਪਾਣੀ ਭਰ ਗਿਆ ਸੀ ਪਰ ਹੁਣ ਅਗਲੇ ਦਿਨਾਂ ਵਿੱਚ ਸਥਿਤ ਸੁਧਰਨ ਦੀ ਉਮੀਦ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦਿਨ ਭਰ ਪਾਣੀ ਹੋਰ ਘਟਿਆ ਅਤੇ ਅੱਗੋਂ ਹੋਰ ਹੇਠਾਂ ਆਉਣ ਦੀ ਉਮੀਦ ਹੈ, ਜਿਸ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਕੁਝ ਰਾਹਤ ਮਿਲੇਗੀ। ਦਿੱਲੀ ਦੇ ਕਈ ਇਲਾਕਿਆਂ ਵਿੱਚ ਪਾਣੀ ਭਰਨ ਮਗਰੋਂ ਬਣੇ ਹਾਲਤਾਂ ਨਾਲ ਨਜਿੱਠਣਾ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਬਣ ਗਿਆ ਹੈ ਕਿਉਂਕਿ ਹੁਣ ਪਾਣੀ ਦੇ ਜਮ੍ਹਾਂ ਹੋਣ ਮਗਰੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਉਣ ਲਈ ਵੱਡੇ ਪੱਧਰ ’ਤੇ ਕਾਰਜ ਕਰਨਾ ਹੋਵੇਗਾ। ਮੌਸਮ ਦੇ ਖੁੱਲ੍ਹਦੇ ਹੀ ਮੱਛਰਾਂ ਦੀ ਪੈਦਾਵਾਰ ਵਿੱਚ ਅਚਾਨਕ ਤੇਜ਼ੀ ਆਉਂਦੀ ਹੈ ਜੋ ਮਲੇਰੀਆ ਅਤੇ ਡੇਂਗੂ ਨੂੰ ਸੱਦਾ ਦੇ ਸਕਦੀ ਹੈ। ਇਸੇ ਕਰ ਕੇ ਦਿੱਲੀ ਦੇ ਸਿਹਤ ਵਿਭਾਗ ਵੱਲੋਂ ਯਮੁਨਾ ਦੇ ਪਾਣੀ ਗ੍ਰਸਤ ਇਲਾਕਿਆ ਵਿੱਚ ਪਾਣੀ ਅੰਦਰ ਦਵਾਈ ਛਿੜਕੀ ਜਾ ਰਹੀ ਹੈ। ਯਮੁਨਾ ਨਦੀ ਦੇ ਪਾਣੀ ਦੇ ਪੱਧਰ ਵਿੱਚ ਵਾਧੇ ਤੋਂ ਬਾਅਦ ਨਿਗਮ ਬੋਧ ਘਾਟ ਖੇਤਰ ਅਜੇ ਵੀ ਪਾਣੀ ਦੀ ਮਾਰ ਦਾ ਸਾਹਮਣਾ ਕਰ ਰਿਹਾ ਹੈ। ਖੇਤਰ ਵਿੱਚ ਦਾਖ਼ਲ ਹੋਏ ਪਾਣੀ ਨੂੰ ਪੰਪ ਨਾਲ ਬਾਹਰ ਕੱਢਣ ਲਈ ਚੱਲਦੇ ਫਿਰਦੇ ਟਿਊਬਵੈੱਲ ਪੰਪ ਲਗਾਏ ਗਏ ਹਨ। ਹਾਲ ਹੀ ਦੇ ਦਿਨਾਂ ਵਿੱਚ ਨਦੀ ਦੇ ਵਧਦੇ ਪਾਣੀ ਨੇ ਸ਼ਹਿਰ ਦੇ ਨੀਵੇਂ ਹਿੱਸਿਆਂ ਵਿੱਚ ਤਬਾਹੀ ਮਚਾ ਦਿੱਤੀ ਹੈ ਅਤੇ ਯਮੁਨਾ ਦੇ ਕੰਢੇ ਟੱਪ ਕੇ ਪਾਣੀ ਵਸੋਂ ਵਾਲੇ ਇਲਾਕਿਆਂ ਵਿੱਚ ਦਾਖ਼ਲ ਹੋ ਗਿਆ ਅਤੇ ਕਈ ਘਰ ਡੁੱਬ ਗਏ। ਲੋਕ ਬੇਘਰ ਹੋ ਗਏ ਅਤੇ ਸਥਾਨਕ ਕਾਰੋਬਾਰਾਂ ਵਿੱਚ ਵਿਘਨ ਪਿਆ ਹੈ। ਮੱਠ ਬਾਜ਼ਾਰ ਅਤੇ ਵਾਸੂਦੇਵ ਘਾਟ ਵਿੱਚ ਅਜੇ ਵੀ ਪਾਣੀ ਭਰਿਆ ਹੋਇਆ ਹੈ। ਸਵਾਮੀ ਨਾਰਾਇਣ ਮੰਦਰ, ਬੇਲਾ ਰੋਡ, ਸਿਵਲ ਲਾਈਨਜ਼ ਦੇ ਵਿਹੜੇ ਵਿੱਚ ਵੀ ਪਾਣੀ ਦਾਖ਼ਲ ਹੋ ਗਿਆ ਹੈ। ਹੜ੍ਹਾਂ ਕਾਰਨ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਜਾਣ ਤੋਂ ਬਾਅਦ ਮਯੂਰ ਵਿਹਾਰ ਖੇਤਰ ਵਿੱਚ ਰਾਹਤ ਕੈਂਪ ਸਥਾਪਤ ਕੀਤੇ ਗਏ ਸਨ। ਪਰ ਦੋਹਰੀ ਮਾਰ ਵਿੱਚ ਹੜ੍ਹ ਦਾ ਪਾਣੀ ਇਨ੍ਹਾਂ ਰਾਹਤ ਕੈਂਪਾਂ ਤੱਕ ਵੀ ਪਹੁੰਚ ਗਿਆ। ਜਿਸ ਕਰ ਕੇ ਰਾਹਤ ਕੈਂਪ ਅਲੱਗ ਮੁਸੀਬਤ ਬਣ ਗਏ ਹਨ। ਜ਼ਿਲ੍ਹਾ ਅਧਿਕਾਰੀਆਂ ਨੇ ਇੱਕ ਜਨਤਕ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਵਿੱਚ ਲੋਕਾਂ ਨੂੰ ਸੁਰੱਖਿਆ ਚਿੰਤਾਵਾਂ ਦੇ ਕਾਰਨ ਨਦੀ ਤੋਂ ਦੂਰ ਰਹਿਣ ਅਤੇ ਤੈਰਾਕੀ, ਕਿਸ਼ਤੀ ਚਲਾਉਣ ਜਾਂ ਹੋਰ ਮਨੋਰੰਜਨ ਸਰਗਰਮੀਆਂ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ।