ਸਿੱਖ ਕਤਲੇਆਮ: ਪੀੜਤਾਂ ਨੂੰ 41 ਸਾਲਾਂ ਬਾਅਦ ਵੀ ਨਾ ਮਿਲਿਆ ਇਨਸਾਫ
ਦਿੱਲੀ ਵਿੱਚ 1984 ਵਿਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। ਇਨ੍ਹਾਂ ਦੰਗਿਆਂ ਦੇ ਪੀੜਤਾਂ ਨੂੰ 41 ਸਾਲਾਂ ਬਾਅਦ ਵੀ ਇਨਸਾਫ ਨਾ ਮਿਲਿਆ। ਕੌਮੀ ਰਾਜਧਾਨੀ ’ਚ ਸਿੱਖਾਂ ਦੇ ਘਰਾਂ ਅਤੇ ਗੁਰਦੁਆਰਿਆਂ ਨੂੰ ਅੱਗ ਲਗਾ ਦਿੱਤੀ ਗਈ ਸੀ। ਸਰਕਾਰੀ ਰਿਕਾਰਡ ਮੁਤਾਬਕ ਦਿੱਲੀ ’ਚ 2,733 ਸਿੱਖ ਮਾਰੇ ਗਏ ਸਨ ਜਦਕਿ ਪੀੜਤਾਂ ਦਾ ਦਾਅਵਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਤਿੰਨ ਹਜ਼ਾਰ ਤੋਂ ਜ਼ਿਆਦਾ ਹੈ। ਸਿੱਖਾਂ ਨੂੰ ਹਾਲੇ ਤੱਕ ਇਨਸਾਫ਼ ਦੀ ਉਡੀਕ ਹੈ ਅਤੇ ਜ਼ਿਆਦਾਤਰ ਦੋਸ਼ੀ ਖੁੱਲ੍ਹੇਆਮ ਘੁੰਮ ਰਹੇ ਹਨ। ਸਿੱਖ ਕਤਲੇਆਮ ਦੇ 650 ਕੇਸ ਦਰਜ ਹੋਏ ਸਨ ਪਰ 362 ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਗਈ ਅਤੇ ਸਿਰਫ਼ 39 ਮਾਮਲਿਆਂ ’ਚ ਸਜ਼ਾ ਹੋਈ ਹੈ। ਗਵਾਹਾਂ ਤੇ ਸਬੂਤਾਂ ਦੀ ਘਾਟ ਕਾਰਨ ਕਰੀਬ 300 ਕੇਸ ਰਫ਼ਾ-ਦਫ਼ਾ ਹੋ ਗਏ। ਸਿੱਖ ਕਤਲੇਆਮ ਲਈ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ’ਤੇ ਦੋਸ਼ ਲੱਗੇ ਸਨ। ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਦਿੱਲੀ ਛਾਉਣੀ ਦੇ ਰਾਜ ਨਗਰ ’ਚ ਪੰਜ ਸਿੱਖਾਂ ਦੀ ਹੱਤਿਆ ਦੇ ਮਾਮਲੇ ’ਚ ਦਸੰਬਰ 2018 ’ਚ ਸਜ਼ਾ ਸੁਣਾਈ ਗਈ। ਉਸ ਦੀ ਅਪੀਲ ’ਤੇ ਦਿੱਲੀ ਹਾਈ ਕੋਰਟ ’ਚ 19 ਨਵੰਬਰ ਨੂੰ ਸੁਣਵਾਈ ਹੋਣੀ ਹੈ। ਉਹ ਇਸ ਵੇਲੇ ਤਿਹਾੜ ਜੇਲ੍ਹ ’ਚ ਬੰਦ ਹੈ।
