ਕਰੰਟ ਲੱਗਣ ਕਾਰਨ ਭੈਣ-ਭਰਾ ਦੀ ਮੌਤ, ਪਿਤਾ ਜ਼ਖ਼ਮੀ
ਇਥੋਂ ਦੇ ਬੇਗਮਪੁਰ ਖੇਤਰ ਵਿੱਚ ਬਿਜਲੀ ਦਾ ਕਰੰਟ ਲੱਗਣ ਕਾਰਨ ਭਰਾ ਅਤੇ ਭੈਣ ਦੀ ਮੌਤ ਹੋ ਗਈ ਹੈ ਜਦੋਂਕਿ ਉਨ੍ਹਾਂ ਦੇ ਪਿਤਾ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਵਿਵੇਕ (26) ਅਤੇ ਉਸ ਦੀ ਭੈਣ ਅੰਜੂ (28) ਵਜੋਂ ਹੋਈ ਹੈ, ਜਿਸ ਦਾ ਵਿਆਹ ਤਿੰਨ ਮਹੀਨੇ ਪਹਿਲਾਂ ਹੋਇਆ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਘਰ ਵਿੱਚ ਪੌੜੀਆਂ ’ਤੇ ਲੋਹੇ ਦੀ ਗਰਿੱਲ ਦੁਆਲੇ ਕਰੰਟ ਵਾਲੀਆਂ ਤਾਰਾਂ ਲਪੇਟੀਆਂ ਹੋਈਆਂ ਸਨ। ਰਾਤ 10 ਵਜੇ ਦੇ ਕਰੀਬ ਵਿਵੇਕ ਉੱਤੇ ਜਾ ਰਿਹਾ ਸੀ, ਜਦੋਂ ਉਹ ਲੋਹੇ ਦਾ ਗੇਟ ਖੋਲ੍ਹਣ ਲੱਗਿਆ ਤਾਂ ਗੇਟ ਵਿੱਚ ਕਰੰਟ ਆ ਰਿਹਾ ਸੀ, ਜਿਸ ਕਰਕੇ ਉਸ ਨੂੰ ਬਿਜਲੀ ਦਾ ਝਟਕਾ ਲੱਗਿਆ। ਵਿਵੇਕ ਦੀਆਂ ਚੀਕਾਂ ਸੁਣ ਕੇ, ਉਸ ਦੇ ਪਿਤਾ ਕਾਲੀਚਰਨ (65) ਮਦਦ ਲਈ ਭੱਜੇ ਪਰ ਉਸ ਨੂੰ ਵੀ ਕਰੰਟ ਲੱਗ ਗਿਆ। ਮਗਰੋਂ ਅੰਜੂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਵੀ ਕਰੰਟ ਲੱਗ ਗਿਆ। ਡੀਸੀਪੀ ਰੰਜਨ ਨੇ ਕਿਹਾ ਕਿ ਸਥਾਨਕ ਲੋਕਾਂ ਨੇ ਤਿੰਨਾਂ ਨੂੰ ਰੋਹਿਣੀ ਦੇ ਅਗਰਸੈਨ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਵਿਵੇਕ ਅਤੇ ਅੰਜੂ ਨੂੰ ਮ੍ਰਿਤਕ ਐਲਾਨ ਦਿੱਤਾ। ਕਾਲੀਚਰਨ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।