ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਚਲਾਈ ਗੋਲੀ
ਦਿੱਲੀ ਦੇ ਗੀਤਾ ਕਲੋਨੀ ਇਲਾਕੇ ਵਿੱਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਤਿੰਨ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਇੱਕ 25 ਸਾਲਾ ਨੌਜਵਾਨ ਨੂੰ ਗੋਲੀ ਮਾਰ ਦਿੱਤੀ। ਪੁਲੀਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ ਮੰਗਲਵਾਰ ਦੀ ਰਾਤ ਨੂੰ ਕਰੀਬ ਸਾਢੇ ਦਸ ਵਜੇ ਤਾਜ ਐਨਕਲੇਵ ਨੇੜੇ ਵਾਪਰੀ। ਡਿਪਟੀ ਕਮਿਸ਼ਨਰ ਪ੍ਰਸ਼ਾਂਤ ਗੌਤਮ ਨੇ ਕਿਹਾ ਕਿ ਜਗਤਪੁਰੀ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਸ਼ਿਵਮ ਸ਼ਰਮਾ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਕੁੰਦਨ ਨਗਰ ਵਿੱਚ ਰਹਿਣ ਵਾਲੇ ਇੱਕ ਜੋੜੇ ਨੂੰ ਪੈਸੇ ਉਧਾਰ ਦਿੱਤੇ ਸਨ। ਉਸ ਵੱਲੋਂ ਵਾਰ-ਵਾਰ ਪੈਸਿਆਂ ਦੀ ਮੰਗ ਕਰਨ ਦੇ ਬਾਵਜੂਦ, ਸ਼ੀਤਲ ਅਤੇ ਉਸ ਦੇ ਪਤੀ ਸੋਨੂੰ ਨੇ ਪੈਸੇ ਵਾਪਸ ਨਹੀਂ ਕੀਤੇ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸੇ ਮਾਮਲੇ ਨੂੰ ਲੈ ਕੇ ਸ਼ਿਵਮ ਸ਼ਰਮਾ ਦੀ ਜਗਤਪੁਰੀ ਲਾਲ ਬੱਤੀ ਨੇੜੇ ਦੋਵਾਂ ਨਾਲ ਤਿੱਖੀ ਬਹਿਸ ਹੋਈ। ਇਸ ਮਗਰੋਂ ਸ਼ਿਵਮ ਆਪਣੇ ਦੋਸਤ ਜਤਿਨ ਨਾਗਪਾਲ ਨਾਲ ਗੱਲ ਨੂੰ ਸੁਲਝਾਉਣ ਲਈ ਦੋਵਾਂ ਨਾਲ ਚਰਚਾ ਕਰਨ ਲਈ ਤਾਜ ਐਨਕਲੇਵ ਗਿਆ ਤਾਂ ਤਿੰਨ ਲੋਕਾਂ ਸ਼ਾਦਾਬ, ਹਰਸ਼ੂ ਅਤੇ ਰਮਨ ਨੇ ਉਸ ਨੂੰ ਰੋਕਿਆ ਅਤੇ ਉਸ ਨਾਲ ਝਗੜਾ ਕਰਨ ਲੱਗੇ। ਝਗੜੇ ਦੌਰਾਨ, ਸ਼ਾਦਾਬ ਨੇ ਕਥਿਤ ਤੌਰ ‘ਤੇ ਆਪਣੀ ਪਿਸਤੌਲ ਕੱਢੀ ਅਤੇ ਸ਼ਿਵਮ ਸ਼ਰਮਾ ’ਤੇ ਦੋ ਗੋਲੀਆਂ ਚਲਾ ਦਿੱਤੀਆਂ। ਪੁਲੀਸ ਨੇ ਦੱਸਿਆ ਕਿ ਇਸ ਦੌਰਾਨ ਸ਼ਿਕਾਇਤਕਰਤਾ ਕਿਸੇ ਤਰ੍ਹਾਂ ਸੁਰੱਖਿਅਤ ਬਚ ਨਿਕਲਣ ਵਿੱਚ ਕਾਮਯਾਬ ਹੋ ਗਿਆ। ਪੁਲੀਸ ਅਨੁਸਾਰ ਗੀਤਾ ਕਲੋਨੀ ਪੁਲੀਸ ਸਟੇਸ਼ਨ ਵਿੱਚ ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਨਾਲ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ।