ਦਿੱਲੀ ਵਿੱਚ ਦੁਕਾਨਦਾਰ ’ਤੇ ਗਾਂ ਦਾ ਮਾਸ ਵੇਚਣ ਦੇ ਸ਼ੱਕ ’ਚ ਹਮਲਾ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 29 ਮਈ:
ਵਿਜੈ ਨਗਰ ਵਿੱਚ ਦਿੱਲੀ ਯੂਨੀਵਰਸਿਟੀ ਦੇ ਉੱਤਰੀ ਕੈਂਪਸ ਨੇੜੇ ਇੱਕ ਭੀੜ ਨੇ ਇੱਕ 44 ਸਾਲਾ ਦੁਕਾਨਦਾਰ ’ਤੇ ਹਮਲਾ ਕਰ ਦਿੱਤਾ ਅਤੇ ਦਾਅਵਾ ਕੀਤਾ ਕਿ ਉਹ ਗਾਂ ਦਾ ਮਾਸ ਵੇਚ ਰਿਹਾ ਸੀ। ਇਸ ਸਬੰਧੀ ਪੁਲੀਸ ਨੇ ਕਿਹਾ ਕਿ ਉਨ੍ਹਾਂ ਨੂੰ ਮਾਡਲ ਟਾਊਨ ਖੇਤਰ ਦੇ ਵਿਜੈ ਨਗਰ ਵਿੱਚ ਸਥਿਤ ਇੱਕ ਦੁਕਾਨ ’ਤੇ ਕਥਿਤ ਤੌਰ 'ਤੇ ਗਾਂ ਦਾ ਮਾਸ ਵੇਚਣ ਬਾਰੇ 15 ਸਾਲਾ ਲੜਕੇ ਤੋਂ ਸ਼ਿਕਾਇਤ ਮਿਲੀ ਸੀ।
ਲੜਕੇ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸ ਨੇ "ਨੌਰਥ ਈਸਟ ਸਟੋਰ" ਨਾਮਕ ਦੁਕਾਨ ਤੋਂ ਮੀਟ ਖਰੀਦਿਆ ਸੀ ਜੋ ਕਿ ਚਮਨ ਕੁਮਾਰ ਦੀ ਦੁਕਾਨ ਹੈ । ਉਹ ਉੱਤਰੀ ਦਿੱਲੀ ਦੇ ਬੁਰਾੜੀ ਵਿੱਚ ਰਹਿੰਦਾ ਹੈ। ਦਿੱਲੀ ਪੁਲੀਸ ਨੇ ਕਿਹਾ ਕਿ ਗਾਂ ਦਾ ਮਾਸ ਵੇਚਣ ਦੇ ਸ਼ੱਕ ਹੇਠ ਲੋਕਾਂ ਨੇ ਦੁਕਾਨਦਾਰ ਨਾਲ ਹੱਥੋਪਾਈ ਕੀਤੀ ਹੈ। ਉਨ੍ਹਾਂ ਕਿਹਾ ‘‘ਮਾਸ ਦੇ ਨਮੂਨੇ ਜ਼ਬਤ ਕਰ ਲਏ ਗਏ ਹਨ ਅਤੇ ਫੋਰੈਂਸਿਕ ਵਿਸ਼ਲੇਸ਼ਣ ਲਈ ਭੇਜੇ ਗਏ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਗਾਂ ਦਾ ਮਾਸ ਹੈ ਜਾਂ ਨਹੀਂ।’’
ਉਧਰ ਸੋਸ਼ਲ ਮੀਡੀਆ ’ਤੇ ਵਾਇਰਲ ਕਥਿਤ ਘਟਨਾ ਦੇ ਵੀਡੀਓਜ਼ ਵਿੱਚ ਭੀੜ ਕਹਿ ਰਹੀ ਹੈ ਕਿ ਜੋ ਲੋਕ ਗਊਆਂ ਨੂੰ ਮਾਰਦੇ ਹਨ ਉਨ੍ਹਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ। ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਵਿਦਿਆਰਥੀ ਵਿੰਗ ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆ ਨੇ ਇੱਕ ਵੀਡੀਓ ਵਿੱਚ ਦਾਅਵਾ ਕੀਤਾ ਕਿ ਦੁਕਾਨਦਾਰ ’ਤੇ ਹਮਲਾ ਕਰਨ ਵਾਲੀ ਭੀੜ ਘੱਟ ਗਿਣਤੀ ਭਾਈਚਾਰਿਆਂ ਦੇ ਵਿਦਿਆਰਥੀਆਂ ਦੇ ਘਰਾਂ 'ਤੇ ਛਾਪੇਮਾਰੀ ਕਰਨ ਦੀ ਧਮਕੀ ਵੀ ਦੇ ਰਹੀ ਸੀ।
ਉੱਤਰ-ਪੱਛਮ ਦੇ ਡਿਪਟੀ ਕਮਿਸ਼ਨਰ ਭੀਸ਼ਮ ਸਿੰਘ ਨੇ ਬਾਅਦ ਵਿੱਚ ਕਿਹਾ ਕਿ ਸਥਿਤੀ ਕਾਬੂ ਹੇਠ ਹੈ। ਫੋਰੈਂਸਿਕ ਰਿਪੋਰਟ ਅਤੇ ਪੂਰੀ ਜਾਂਚ ਪੂਰੀ ਹੋਣ ਤੋਂ ਬਾਅਦ ਕਾਨੂੰਨ ਅਨੁਸਾਰ ਢੁਕਵੀਂ ਕਾਰਵਾਈ ਕੀਤੀ ਜਾਵੇਗੀ।