shocking murder plot by wife, cousin: ਕਰੰਟ ਲੱਗਣ ਕਾਰਨ ਨਹੀਂ ਬਲਕਿ ਪਤਨੀ ਨੇ ਕੀਤੀ ਸੀ ਪਤੀ ਦੀ ਹੱਤਿਆ; ਪਤਨੀ ਗ੍ਰਿਫ਼ਤਾਰ
Sleeping pills, electric shocks: Whatsapp chat reveals Delhi man's shocking murder plot by wife, cousin
ਦਿੱਲੀ ਵਿੱਚ ਕਰੰਟ ਲੱਗਣ ਨਾਲ ਹੋਈ ਵਿਅਕਤੀ ਦੀ ਮੌਤ ਦੇ ਮਾਮਲੇ ਵਿਚ ਅਹਿਮ ਖੁਲਾਸਾ ਹੋਇਆ ਹੈ। ਇਸ ਵਿਅਕਤੀ ਦੀ ਹੱਤਿਆ ਕਰੰਟ ਲੱਗਣ ਨਾਲ ਨਹੀਂ ਬਲਕਿ ਨੀਂਦ ਦੀਆਂ ਗੋਲੀਆਂ ਦੇਣ ਤੋਂ ਬਾਅਦ ਕਰੰਟ ਲਾ ਕੇ ਕੀਤੀ ਗਈ ਸੀ। ਪੁਲੀਸ ਨੇ ਇਸ ਮਾਮਲੇ ਵਿਚ ਉਸ ਦੀ ਪਤਨੀ ਅਤੇ ਚਚੇਰੇ ਭਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੁਸ਼ਮਿਤਾ ਅਤੇ ਉਸ ਦੇ ਚਚੇਰੇ ਭਰਾ ਰਾਹੁਲ ਵਜੋਂ ਹੋਈ ਹੈ। ਪੁਲੀਸ ਅਨੁਸਾਰ ਪੀੜਤ ਕਰਨ ਦੇਵ ਨੂੰ ਕਥਿਤ ਤੌਰ ’ਤੇ ਨੀਂਦ ਦੀਆਂ ਗੋਲੀਆਂ ਦੇਣ ਅਤੇ ਉਸ ਦੀ ਪਤਨੀ ਅਤੇ ਉਸਦੇ ਚਚੇਰੇ ਭਰਾ ਵਲੋਂ ਕਰੰਟ ਦੇ ਕੇ ਮਾਰਿਆ ਗਿਆ ਸੀ।
ਡੀਸੀਪੀ ਅੰਕਿਤ ਸਿੰਘ ਨੇ ਕਿਹਾ ਕਿ 13 ਜੁਲਾਈ ਨੂੰ ਉੱਤਮ ਨਗਰ ਇਲਾਕੇ ਦੇ ਇੱਕ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਕਰਨ ਨਾਮ ਦੇ ਵਿਅਕਤੀ ਦੀ ਗੈਰਕੁਦਰਤੀ ਢੰਗ ਨਾਲ ਮੌਤ ਹੋਈ ਹੈ। ਬਾਅਦ ਵਿੱਚ ਪੁਲੀਸ ਟੀਮ ਮੌਕੇ ’ਤੇ ਪਹੁੰਚੀ ਤੇ ਲਾਸ਼ ਨੂੰ ਪੋਸਟਮਾਰਟਮ ਲਈ ਡੀਡੀਯੂ ਹਸਪਤਾਲ ਭੇਜ ਦਿੱਤਾ ਗਿਆ। ਇਸ ਦੌਰਾਨ ਕਰਨ ਦੇ ਪਰਿਵਾਰ ਨੇ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਜਦਕਿ ਦੋ ਦਿਨਾਂ ਬਾਅਦ ਕਰਨ ਦੇ ਭਰਾ ਕੁਨਾਲ ਨੂੰ ਕੁਝ ਸਬੂਤ ਮਿਲੇ ਜਿਸ ਵਿੱਚ ਕਰਨ ਦੀ ਪਤਨੀ ਸੁਸ਼ਮਿਤਾ ਅਤੇ ਰਾਹੁਲ ਵਿਚਕਾਰ ਗੱਲਬਾਤ ਸਾਹਮਣੇ ਆਈ ਜਿਸ ਵਿੱਚ ਕਰਨ ਨੂੰ ਨੀਂਦ ਦੀਆਂ ਗੋਲੀਆਂ ਅਤੇ ਬਿਜਲੀ ਦੇ ਝਟਕੇ ਦੇਣ ਬਾਰੇ ਚਰਚਾ ਹੋਈ ਸੀ। ਇਸ ਤੋਂ ਬਾਅਦ ਪੁਲੀਸ ਨੇ ਜਾਂਚ ਕੀਤੀ ਅਤੇ ਕਤਲ ਦਾ ਮਾਮਲਾ ਦਰਜ ਕੀਤਾ ਅਤੇ ਕਰਨ ਦੀ ਪਤਨੀ ਸੁਸ਼ਮਿਤਾ ਅਤੇ ਰਾਹੁਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਕਰਨ ਦੀ ਮਾਂ ਨੀਰੂ ਨੇ ਦੱਸਿਆ ਕਿ ਉਸ ਨੂੰ ਸੁਸ਼ਮਿਤਾ ਅਤੇ ਰਾਹੁਲ ਵਿਚਕਾਰ ਕਥਿਤ ਸਬੰਧਾਂ ਬਾਰੇ ਸਸਕਾਰ ਤੋਂ ਬਾਅਦ ਹੀ ਪਤਾ ਲੱਗਾ ਸੀ। ਉਸ ਨੇ ਦੱਸਿਆ ਕਿ ਕਰਨ ਆਪਣੀ ਪਤਨੀ ਨਾਲ ਇੱਕ ਫਲੈਟ ਵਿੱਚ ਰਹਿੰਦਾ ਸੀ ਅਤੇ ਐਤਵਾਰ ਸਵੇਰੇ 9 ਵਜੇ ਦੇ ਕਰੀਬ ਉਨ੍ਹਾਂ ਦੀ ਨੂੰਹ ਸੁਸ਼ਮਿਤਾ ਆਈ ਅਤੇ ਕਿਹਾ ਕਿ ਕਰਨ ਨੂੰ ਬਿਜਲੀ ਦਾ ਕਰੰਟ ਲੱਗ ਗਿਆ ਹੈ।
ਕਰਨ ਦੇ ਦੋਸਤ ਨੇ ਦੱਸਿਆ ਕਿ ਸਸਕਾਰ ਤੋਂ ਅਗਲੇ ਦਿਨ ਪਰਿਵਾਰ ਨੇ ਸੁਸ਼ਮਿਤਾ ਤੋਂ ਸਵਾਲ ਪੁੱਛੇ ਜਿੱਥੇ ਉਸ ਨੇ ਸਾਰਿਆਂ ਦੇ ਸਾਹਮਣੇ ਕਬੂਲ ਕੀਤਾ ਕਿ ਉਸ ਨੇ ਕਰਨ ਨੂੰ ਮਾਰਿਆ ਕਿਉਂਕਿ ਰਾਹੁਲ ਉਸ ਨੂੰ ਬਲੈਕਮੇਲ ਕਰ ਰਿਹਾ ਸੀ। ਇਸ ਤੋਂ ਬਾਅਦ ਰਾਹੁਲ ਨੇ ਵੀ ਜੁਰਮ ਕਬੂਲ ਕਰ ਲਿਆ।