ਸ਼ਸ਼ੀ ਥਰੂਰ ਨੇ ਅਡਵਾਨੀ ਦੀ ਨਿੰਦਾ ਦਾ ਦਿੱਤਾ ਜਵਾਬ; ਕਿਹਾ ਲੰਮੀ ਸੇਵਾ ਨੂੰ ਇੱਕ ਘਟਨਾ ਤੱਕ ਸੀਮਤ ਕਰਨਾ ਗ਼ਲਤ !
ਕਾਂਗਰਸ ਨੇ ਬਿਆਨ ਤੋਂ ਆਪਣੇ ਆਪ ਨੂੰ ਕੀਤਾ ਪਾਸੇ
ਭਾਜਪਾ ਦੇ ਸੀਨੀਅਰ ਆਗੂ ਐਲ.ਕੇ. ਅਡਵਾਨੀ ਨੂੰ ਜਨਮਦਿਨ ਦੀ ਵਧਾਈ ਦੇਣ ’ਤੇ ਹੋਈ ਨਿੰਦਾ ’ਤੇ ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਸਪੱਸ਼ਟੀਕਰਨ ਦਿੱਤਾ।ਥਰੂਰ ਨੇ ਕਿਹਾ ਕਿ ਅਡਵਾਨੀ ਦੀ ਲੰਮੀ ਸੇਵਾ ਨੂੰ ਕਿਸੇ ਇੱਕ ਘਟਨਾ (ਭਾਵੇਂ ਉਹ ਕਿੰਨੀ ਵੀ ਮਹੱਤਵਪੂਰਨ ਹੋਵੇ) ਨਾਲ ਸੀਮਤ ਕਰਨਾ ਗ਼ਲਤ ਹੈ।
ਥਰੂਰ ਨੇ ਸ਼ਨੀਵਾਰ ਨੂੰ ਐਕਸ ’ਤੇ ਅਡਵਾਨੀ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਉਨ੍ਹਾਂ ਦੀ ਜਨਤਕ ਸੇਵਾ ਪ੍ਰਤੀ ਅਟੁੱਟ ਵਚਨਬੱਧਤਾ, ਨਿਮਰਤਾ ਅਤੇ ਆਧੁਨਿਕ ਭਾਰਤ ਦੇ ਰਾਹ ਨੂੰ ਤੈਅ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਦੀ ਤਾਰੀਫ਼ ਕੀਤੀ ਸੀ।
ਇਸ ’ਤੇ ਇੱਕ ਵਕੀਲ ਨੇ ਥਰੂਰ ਦੇ ਪੋਸਟ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਦੇਸ਼ ਵਿੱਚ ਨਫ਼ਰਤ ਦੇ ਬੀਜ ਬੀਜਣਾ ਜਨਤਕ ਸੇਵਾ ਨਹੀਂ ਹੈ। ਇਹ ਟਿੱਪਣੀ ਅਡਵਾਨੀ ਦੀ ਰਾਮ ਜਨਮ ਭੂਮੀ ਲਹਿਰ ਵਿੱਚ ਭੂਮਿਕਾ ਵੱਲ ਇਸ਼ਾਰਾ ਕਰਦੀ ਸੀ।
ਆਲੋਚਨਾ ਦਾ ਜਵਾਬ ਦਿੰਦਿਆਂ ਥਰੂਰ ਨੇ ਕਿਹਾ, “ ਮੈਂ ਮੰਨਦਾ ਹਾਂ, ਪਰ ਉਨ੍ਹਾਂ ਦੀ ਲੰਬੀ ਸੇਵਾ ਨੂੰ ਸਿਰਫ ਇੱਕ ਘਟਨਾ ਤੱਕ ਸੀਮਤ ਕਰਨਾ ਗਲਤ ਹੈ।”
ਉਨ੍ਹਾਂ ਅੱਗੇ ਕਿਹਾ, “ ਜਿਵੇਂ ਜਵਾਹਰ ਲਾਲ ਨਹਿਰੂ ਦੇ ਪੂਰੇ ਕਰੀਅਰ ਨੂੰ ਚੀਨ ਸੰਕਟ ਨਾਲ, ਜਾਂ ਇੰਦਰਾ ਗਾਂਧੀ ਦੇ ਕਰੀਅਰ ਨੂੰ ਸਿਰਫ਼ ਐਮਰਜੈਂਸੀ ਨਾਲ ਨਹੀਂ ਮਾਪਿਆ ਜਾ ਸਕਦਾ। ਮੇਰਾ ਮੰਨਣਾ ਹੈ ਕਿ ਸਾਨੂੰ ਅਡਵਾਨੀ ਜੀ ਨੂੰ ਵੀ ਇਹੀ ਨਰਮੀ ਦਿਖਾਉਣੀ ਚਾਹੀਦੀ ਹੈ।”
ਉੱਧਰ ਉਨ੍ਹਾਂ ਦੀ ਇਸ ਟਿਪਣੀ ਤੇ ਕਾਂਗਰਸ ਵੱਲੋਂ ਵੀ ਕਿਨਾਰਾ ਕਰ ਲਿਆ ਗਿਆ ਹੈ ਉਨ੍ਹਾਂ ਨੇ ਇਸ ਨੂੰ ਥਰੂਰ ਦੇ ਨਿੱਜੀ ਵਿਚਾਰ ਦੱਸਿਆ ਹੈ।
ਦੱਸ ਦਈਏ ਕਿ ਅਡਵਾਨੀ, ਜਿਨ੍ਹਾਂ ਨੇ ਕੌਮੀਂ ਰਾਜਨੀਤੀ ਵਿੱਚ ਭਾਜਪਾ ਦੇ ਉਭਾਰ ਵਿੱਚ ਅਹਿਮ ਭੂਮਿਕਾ ਨਿਭਾਈ, ਨੂੰ ਇਸ ਸਾਲ ਭਾਰਤ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਭਾਰਤ ਰਤਨ ਦਿੱਤਾ ਗਿਆ ਹੈ।

