ਸ਼ਹੀਦੀ ਨਗਰ ਕੀਰਤਨ ਅੱਜ ਹਰਿਆਣਾ ਪੁੱਜੇਗਾ
ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਦੇ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਆਸਾਮ ਤੋਂ ਸ਼ੁਰੂ ਕੀਤੇ ਗਏ ਦੇਸ਼ ਪੱਧਰੀ ਸ਼ਹੀਦੀ ਨਗਰ ਕੀਰਤਨ ਦਾ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪੰਜ ਦਿਨ ਵੱਖ-ਵੱਖ ਥਾਵਾਂ ਉੱਤੇ ਸੰਗਤ ਨੇ ਭਰਵਾਂ ਸਵਾਗਤ ਕੀਤਾ। ਇਹ ਨਗਰ ਕੀਰਤਨ ਕਈ ਸੂਬਿਆਂ ਵਿੱਚੋਂ ਲੰਘਣ ਬਾਅਦ 22 ਅਕਤੂਬਰ ਨੂੰ ਦਿੱਲੀ ਪੁੱਜਿਆ ਸੀ। ਇਸ ਤੋਂ ਬਾਅਦ ਚਾਰ ਦਿਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਹੁੰਦਾ ਹੋਇਆ ਨਗਰ ਕੀਰਤਨ ਅੱਜ ਗੁਰਦੁਆਰਾ ਰਕਾਬ ਗੰਜ ਸਾਹਿਬ ਤੋਂ ਅੱਗੇ ਫ਼ਤਹਿ ਨਗਰ ਦੇ ਗੁਰਦੁਆਰਾ ਜ਼ੋਰਾਵਰ ਸਿੰਘ ਅਤੇ ਫ਼ਤਹਿ ਸਿੰਘ ਵਿੱਚ ਰਾਤ ਦਾ ਠਹਿਰਾਅ ਕੀਤਾ। ਦਿੱਲੀ ’ਚ ਪੰਜ ਦਿਨ ਦਾ ਸਫ਼ਰ ਤੈਅ ਕਰ ਕੇ ਭਲਕੇ ਨਗਰ ਕੀਰਤਨ ਹਰਿਆਣਾ ਦੇ ਤਰਾਵੜੀ ਵੱਲ ਰਵਾਨਾ ਹੋਵੇਗਾ।
ਅੱਜ ਪੱਛਮੀ ਦਿੱਲੀ ਦੇ ਇਲਾਕਿਆਂ ਵਿੱਚ ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ਸੰਗਤ ਨਤਮਸਤਕ ਹੋਈ। ਨੌਵੇਂ ਪਾਤਸ਼ਾਹ ਦੇ ਸ਼ਹੀਦੀ ਸਾਕੇ ਦੀ ਸ਼ਤਾਬਦੀ ਨੂੰ ਸਮਰਪਿਤ ਇਹ ਨਗਰ ਕੀਰਤਨ ਜਿਵੇਂ ਜਿਵੇਂ ਪੜਾਅ ਦਰ ਪੜਾਅ ਅੱਗੇ ਵਧ ਰਿਹਾ ਹੈ, ਉਵੇਂ ਹੀ ਸੰਗਤ ਦੇ ਉਤਸ਼ਾਹ ਵਿੱਚ ਵੀ ਵਾਧਾ ਹੋ ਰਿਹਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੱਡੀ ਗਿਣਤੀ ਸੰਗਤ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ। ਦਿੱਲੀ ਦੇ ਪੱਛਮੀ ਹਿੱਸੇ ਵਿੱਚ ਸਿੱਖ ਵੱਡੀ ਗਿਣਤੀ ਵਿੱਚ ਰਹਿੰਦੇ ਹਨ। ਫ਼ਤਹਿ ਨਗਰ, ਹਰੀ ਨਗਰ, ਵਿਸ਼ਨੂੰ ਗਾਰਡਨ, ਤਿਲਕ ਨਗਰ ਰਾਜੌਰੀ ਗਾਰਡਨ ਉਹ ਖੇਤਰ ਦੀ ਸੰਗਤ ਨਤਮਸਤਕ ਹੋਈ। ਇਸ ਦੌਰਾਨ ਵੱਖ-ਵੱਖ ਮੰਦਰਾਂ ਦੇ ਪ੍ਰਬੰਧਕਾਂ ਨੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ ਅਤੇ ਭਾਈਚਾਰਕ ਸਾਂਝ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਪਰਮਜੀਤ ਸਿੰਘ ਅਤੇ ਮਨਜੀਤ ਸਿੰਘ ਸਣੇ ਹੋਰ ਸਿਆਸੀ, ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਨੇ ਵੀ ਸ਼ਿਰਕਤ ਕੀਤੀ।
