ਜਿਨਸੀ ਸ਼ੋਸ਼ਣ: ਅਖੌਤੀ ਧਰਮਗੁਰੂ ਖ਼ਿਲਾਫ਼ ਕੇਸ ਦਰਜ
ਵਿਦਿਆਰਥਣਾਂ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਮਗਰੋਂ ਪੁਲੀਸ ਨੇ ਕੀਤੀ ਕਾਰਵਾਈ
Advertisement
ਦਿੱਲੀ ਪੁਲੀਸ ਨੇ ਵਿਦਿਆਰਥੀਆਂ ਨੂੰ ਜਿਨਸੀ ਤੌਰ ’ਤੇ ਪ੍ਰੇਸ਼ਾਨ ਕਰਨ ਵਾਲੇ ਅਖੌਤੀ ਧਰਮਗੁਰੂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇੱਥੇ ਮੈਨੇਜਮੈਂਟ ਇੰਸਟੀਚਿਊਟ ਦੀਆਂ ਕਈ ਵਿਦਿਆਰਥਣਾਂ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਮਗਰੋਂ ਪੁਲੀਸ ਨੇ ਅਖੌਤੀ ਧਰਮਗੁਰੂ ਸਵਾਮੀ ਚੇਤਨਯਨੰਦ ਸਰਸਵਤੀ ਉਰਫ਼ ਪਾਰਥ ਸਾਰਥੀ ਖਿਲਾਫ਼ ਇਹ ਕਾਰਵਾਈ ਕੀਤੀ ਹੈ। ਮੁਲਜ਼ਮ ਇਸ ਵੇਲੇ ਫ਼ਰਾਰ ਹੈ। ਇਹ ਸ਼ਿਕਾਇਤ 4 ਅਗਸਤ ਨੂੰ ਵਸੰਤ ਕੁੰਜ ਉੱਤਰੀ ਪੁਲੀਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਸੀ। ਪੁਲੀਸ ਸੂਤਰਾਂ ਅਨੁਸਾਰ ਮੁਲਜ਼ਮ ਸੰਸਥਾ ਦੀ ਪ੍ਰਬੰਧਨ ਕਮੇਟੀ ਦਾ ਮੈਂਬਰ ਹੈ। ਜਾਂਚ ਦੌਰਾਨ ਸ੍ਰੀ ਸ਼ਾਰਦਾ ਇੰਸਟੀਚਿਊਟ ਆਫ ਇੰਡੀਅਨ ਮੈਨੇਜਮੈਂਟ ਦੀਆਂ 32 ਵਿਦਿਆਰਥਣਾਂ ਦੇ ਬਿਆਨ ਦਰਜ ਕੀਤੇ ਗਏ। ਇਨ੍ਹਾਂ ਵਿੱਚੋਂ 17 ਵਿਦਿਆਰਥਣਾਂ ਨੇ ਦੋਸ਼ ਲਾਇਆ ਕਿ ਸਰਸਵਤੀ ਉਨ੍ਹਾਂ ਨਾਲ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦਾ ਸੀ, ਅਸ਼ਲੀਲ ਸੁਨੇਹੇ ਭੇਜਦਾ ਸੀ ਅਤੇ ਜ਼ਬਰਦਸਤੀ ਸਰੀਰਕ ਨੇੜਤਾ ਵਧਾਉਣ ਦੀ ਕੋਸ਼ਿਸ਼ ਕਰਦਾ ਸੀ। ਪੁਲੀਸ ਨੇ ਕਿਹਾ ਕਿ ਕੁਝ ਫੈਕਲਟੀ ਮੈਂਬਰਾਂ ਅਤੇ ਪ੍ਰਸ਼ਾਸਕਾਂ ਨੇ ਵਿਦਿਆਰਥਣਾਂ ’ਤੇ ਉਸ ਦੀਆਂ ਮੰਗਾਂ ਮੰਨਣ ਲਈ ਦਬਾਅ ਵੀ ਪਾਇਆ।
ਪੁਲੀਸ ਨੇ ਭਾਰਤੀ ਨਿਆਂ ਸੰਹਿਤਾ (ਬੀ ਐੱਨ ਐੱਸ) ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ 16 ਪੀੜਤ ਵਿਦਿਆਰਥਣਾਂ ਦੇ ਬਿਆਨ ਮੈਜਿਸਟ੍ਰੇਟ ਸਾਹਮਣੇ ਦਰਜ ਕਰਵਾਏ ਜਾ ਚੁੱਕੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਐੱਫ ਆਈ ਆਰ ਦਰਜ ਹੋਣ ਤੋਂ ਬਾਅਦ ਤੋਂ ਹੀ ਫਰਾਰ ਹੈ ਅਤੇ ਉਸ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ।
Advertisement
ਜਾਂਚ ਦੌਰਾਨ ਪੁਲੀਸ ਨੂੰ ਸੰਸਥਾ ਦੀ ਬੇਸਮੈਂਟ ’ਚੋਂ ਇੱਕ ਵੋਲਵੋ ਕਾਰ ਮਿਲੀ ਹੈ, ਜਿਸ ’ਤੇ ਜਾਅਲੀ ਨੰਬਰ ਪਲੇਟ ਲੱਗੀ ਹੋਈ ਸੀ। ਇਹ ਕਾਰ ਕਥਿਤ ਤੌਰ ’ਤੇ ਸਵਾਮੀ ਸਰਸਵਤੀ ਵੱਲੋਂ ਵਰਤੀ ਜਾਂਦੀ ਸੀ। ਇਸ ਮਾਮਲੇ ਵਿੱਚ ਪੁਲੀਸ ਨੇ 25 ਅਗਸਤ ਨੂੰ ਇੱਕ ਵੱਖਰੀ ਐੱਫ ਆਈ ਆਰ. ਦਰਜ ਕਰਕੇ ਗੱਡੀ ਨੂੰ ਜ਼ਬਤ ਕਰ ਲਿਆ ਹੈ।
Advertisement