ਮੌਕ ਡਰਿੱਲ ਦੌਰਾਨ ‘ਡਮੀ ਬੰਬ’ ਦਾ ਪਤਾ ਲਗਾਉਣ ’ਚ ਨਾਕਾਮ ਦਿੱਲੀ ਪੁਲੀਸ ਦੇ ਸੱਤ ਮੁਲਾਜ਼ਮ ਮੁਅੱਤਲ
ਉੱਤਰੀ ਦਿੱਲੀ ਦੇ ਪ੍ਰਸਿੱਧ ਲਾਲ ਕਿਲੇ ਵਿੱਚ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਤੋਂ ਪਹਿਲਾਂ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਮੌਕ ਸੁਰੱਖਿਆ ਮਸ਼ਕ ਦੌਰਾਨ ‘ਡਮੀ ਬੰਬ’ ਦਾ ਪਤਾ ਲਗਾਉਣ ਵਿੱਚ ਅਸਫਲ ਰਹਿਣ ਤੋਂ ਬਾਅਦ ਸੱਤ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਪੁਲੀਸ ਸੂਤਰਾਂ ਮੁਤਾਬਕ ਸਪੈਸ਼ਲ ਸੈੱਲ ਦੇ ਕਰਮਚਾਰੀ ਆਮ ਨਾਗਰਿਕਾਂ ਦੇ ਭੇਸ ਵਿੱਚ ਨਕਲੀ ਵਿਸਫੋਟਕ ਯੰਤਰ ਲੈ ਕੇ ਲਾਲ ਕਿਲੇੇ ਦੇ ਅਹਾਤੇ ਵਿੱਚ ਦਾਖਲ ਹੋਏ, ਜਿਸ ਨੂੰ ਡਿਊਟੀ ’ਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਨਜ਼ਰਅੰਦਾਜ਼ ਕਰ ਦਿੱਤਾ। ਇਸ ਗਲਤੀ ਤੋਂ ਬਾਅਦ ਸਾਰੇ ਸੱਤ ਕਰਮਚਾਰੀਆਂ ਨੂੰ ਲਾਪਰਵਾਹੀ ਲਈ ਮੁਅੱਤਲ ਕਰ ਦਿੱਤਾ ਗਿਆ।
ਕਾਬਿਲੇਗੌਰ ਹੈ ਕਿ ਆਜ਼ਾਦੀ ਦਿਹਾੜੇ ਮੌਕੇ ਹਰ ਸਾਲ ਪ੍ਰਧਾਨ ਮੰਤਰੀ ਲਾਲ ਕਿਲੇ ਦੀ ਫਸੀਲ ਤੋਂ ਕੌਮੀ ਝੰਡਾ ਲਹਿਰਾਉਂਦੇ ਹਨ, ਜਿਸ ਨਾਲ 21 ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਹੈ। ਅਗਾਊਂ ਤਿਆਰੀ ਵਜੋਂ ਖੇਤਰ ਨੂੰ ਸਖ਼ਤ ਸੁਰੱਖਿਆ ਘੇਰੇ ਹੇਠ ਰੱਖਿਆ ਗਿਆ ਹੈ, ਜਿਸ ਵਿੱਚ ਡਰੋਨ, ਸਨਾਈਪਰ ਅਤੇ ਬਹੁ-ਪੱਧਰੀ ਨਿਗਰਾਨੀ ਸ਼ਾਮਲ ਹੈ।
ਸੋਮਵਾਰ ਨੂੰ ਇੱਕ ਵੱਖਰੀ ਘਟਨਾ ਵਿੱਚ ਦਿੱਲੀ ਪੁਲੀਸ ਨੇ ਪੰਜ ਬੰਗਲਾਦੇਸ਼ੀ ਨਾਗਰਿਕਾਂ ਨੂੰ ਹਿਰਾਸਤ ਵਿੱਚ ਲਿਆ ਹੈ ਜਿਨ੍ਹਾਂ ਕਥਿਤ ਤੌਰ ’ਤੇ ਲਾਲ ਕਿਲੇ ਦੇ ਅਹਾਤੇ ਵਿੱਚ ਜਬਰੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ 20 ਤੋਂ 25 ਸਾਲ ਦੀ ਉਮਰ ਦੇ ਇਹ ਵਿਅਕਤੀ ਸ਼ਹਿਰ ਵਿੱਚ ਮਜ਼ਦੂਰਾਂ ਵਜੋਂ ਕੰਮ ਕਰ ਰਹੇ ਸਨ। ਪੁਲੀਸ ਨੇ ਇਨ੍ਹਾਂ ਕੋਲੋਂ ਸ਼ੱਕੀ ਪਛਾਣ ਦਸਤਾਵੇਜ਼ ਬਰਾਮਦ ਕੀਤੇ ਹਨ, ਜੋ ਇਨ੍ਹਾਂ ਦੇ ਬੰਗਲਾਦੇਸ਼ੀ ਮੂਲ ਵੱਲ ਇਸ਼ਾਰਾ ਕਰਦੇ ਹਨ। ਪੁਲੀਸ ਨੇ ਉਨ੍ਹਾਂ ਦੀ ਅਸਲ ਪਛਾਣ ਅਤੇ ਇਰਾਦਿਆਂ ਦੀ ਪੁਸ਼ਟੀ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।