See God in justice: SC: ਸਾਡੇ ’ਚ ਰੱਬ ਨਾ ਦੇਖੋ, ਨਿਆਂ ਵਿਚੋਂ ਰੱਬ ਨੂੰ ਦੇਖੋ: ਸੁਪਰੀਮ ਕੋਰਟ
ਨਵੀਂ ਦਿੱਲੀ, 4 ਜੁਲਾਈ
‘‘ਸਾਡੇ ਵਿੱਚ ਰੱਬ ਨਾ ਦੇਖੋ’’। ਸੁਪਰੀਮ ਕੋਰਟ (Supreme Court) ਨੇ ਸ਼ੁੱਕਰਵਾਰ ਨੂੰ ਇਹ ਟਿੱਪਣੀ ਉਦੋਂ ਕੀਤੀ ਜਦੋਂ ਇੱਕ ਵਕੀਲ ਨੇ ਕਿਹਾ ਕਿ ਉਹ ਜੱਜਾਂ ਵਿੱਚ ਰੱਬ ਦੇਖਦੇ ਹਨ। ਜਸਟਿਸ ਐਮ.ਐਮ. ਸੁੰਦਰੇਸ਼ ਅਤੇ ਜਸਟਿਸ ਕੇ. ਵਿਨੋਦ ਚੰਦਰਨ (Justices M M Sundresh and K Vinod Chandran) ਨੇ ਉੱਤਰ ਪ੍ਰਦੇਸ਼ ਦੇ ਇੱਕ ਮੰਦਰ ਦੇ ਮਾਮਲੇ ਦੀ ਸੁਣਵਾਈ ਦੌਰਾਨ ਇਹ ਟਿੱਪਣੀ ਕੀਤੀ।
ਇਸ ਮਾਮਲੇ ਵਿੱਚ ਪੇਸ਼ ਹੋਏ ਇੱਕ ਵਕੀਲ ਨੇ ਇਹ ਕਹਿ ਕੇ ਉਸ ਨੂੰ ਕੇਸ ਤੋਂ ਲਾਂਭੇ ਕੀਤੇ ਜਾਣ ਦੀ ਮੰਗ ਕੀਤੀ ਕਿ ਉਸ ਦਾ ਮੁਵੱਕਿਲ ਉਸਦੀ ਗੱਲ ਨਹੀਂ ਸੁਣ ਰਿਹਾ ਸੀ। ਵਕੀਲ ਨੇ ਹੋਰ ਦਾਅਵਾ ਕੀਤਾ ਕਿ ਉਸ ਨੂੰ ਆਪਣੇ ਮੁਵੱਕਿਲ ਤੋਂ ਇੱਕ ਨੋਟਿਸ ਮਿਲਿਆ ਹੈ ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ "ਜੱਜਾਂ ਨੂੰ ਵਕੀਲਾਂ ਰਾਹੀਂ ਪ੍ਰਭਾਵਿਤ ਕੀਤਾ ਜਾ ਰਿਹਾ ਹੈ।"
ਇਸ ਨੂੰ ‘ਬਹੁਤ ਹੀ ਅਪਮਾਨਜਨਕ’ ਕਰਾਰ ਦਿੰਦਿਆਂ ਵਕੀਲ ਨੇ ਦੁੱਖ ਪ੍ਰਗਟ ਕੀਤਾ, "ਜੇ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਬੇਈਮਾਨੀ ਹੋ ਰਹੀ ਹੈ ਤਾਂ ਅਸੀਂ ਕੇਸਾਂ ਤੋਂ ਪਿੱਛੇ ਹਟ ਜਾਂਦੇ ਹਾਂ। ਅਸੀਂ ਆਪਣੇ ਜੱਜਾਂ ਵਿੱਚ ਰੱਬ ਦੇਖਦੇ ਹਾਂ।’’
ਹਾਲਾਂਕਿ ਇਸ ’ਤੇ ਫ਼ੌਰੀ ਤੌਰ ’ਤੇ ਜਸਟਿਸ ਸੁੰਦਰੇਸ਼ ਨੇ ਕਿਹਾ, "ਸਾਡੇ ਵਿੱਚ ਰੱਬ ਨਾ ਦੇਖੋ। ਕਿਰਪਾ ਕਰਕੇ ਨਿਆਂ ਵਿੱਚ ਰੱਬ ਦੇਖੋ।" ਨਾਲ ਹੀ ਬੈਂਚ ਨੇ ਬੇਨਤੀ ਨੂੰ ਸਵੀਕਾਰ ਕਰ ਲਿਆ ਅਤੇ ਵਕੀਲ ਨੂੰ ਕੇਸ ਤੋਂ ਡਿਸਚਾਰਜ ਕਰ ਦਿੱਤਾ। -ਪੀਟੀਆਈ