SC ਨੇ ਸਹਾਰਾ ਕੰਪਨੀ ਦੀਆਂ ਜਾਇਦਾਦਾਂ ਅਡਾਨੀ ਗਰੁੱਪ ਨੂੰ ਵੇਚਣ ’ਤੇ ਕੇਂਦਰ ਅਤੇ SEBI ਤੋਂ ਮੰਗਿਆ ਜਵਾਬ
Adani case:ਕੇਂਦਰ ਨੂੰ ਸਹਾਰਾ ਦੀ ਪਟੀਸ਼ਨ ਵਿੱਚ ਇੱਕ ਧਿਰ ਬਣਾਇਆ; ਸਹਾਰਾ ਕੰਪਨੀ ਦੀ ਪਟੀਸ਼ਨ ’ਤੇ 17 ਨਵੰਬਰ ਨੂੰ ਹੋਵੇਗੀ ਸੁਣਵਾਈ
Adani case: ਸੁਪਰੀਮ ਕੋਰਟ ਨੇ ਸਹਾਰਾ ਇੰਡੀਆ ਕਮਰਸ਼ੀਅਲ ਕਾਰਪੋਰੇਸ਼ਨ ਲਿਮਟਿਡ ਦੀ ਉਸ ਪਟੀਸ਼ਨ ’ਤੇ ਕੇਂਦਰ, ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (SEBI) ਅਤੇ ਹੋਰ ਹਿੱਸੇਦਾਰਾਂ ਤੋਂ ਜਵਾਬ ਮੰਗਿਆ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੀਆਂ 88 ਪ੍ਰਮੁੱਖ ਜਾਇਦਾਦਾਂ ਅਡਾਨੀ ਪ੍ਰਾਪਰਟੀਜ਼ ਪ੍ਰਾਈਵੇਟ ਲਿਮਟਿਡ ਨੂੰ ਵੇਚਣ ਦੀ ਇਜਾਜ਼ਤ ਮੰਗੀ ਹੈ।
ਚੀਫ਼ ਜਸਟਿਸ ਬੀ.ਆਰ. ਗਵਈ, ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਐਮ.ਐਮ. ਸੁੰਦਰੇਸ਼ ਦੀ ਇੱਕ ਵਿਸ਼ੇਸ਼ ਬੈਂਚ ਨੇ ਸਹਾਰਾ ਗਰੁੱਪ ਦੀਆਂ ਅਦਾਇਗੀ ਦੀਆਂ ਜ਼ਿੰਮੇਵਾਰੀਆਂ ਨਾਲ ਸਬੰਧਤ ਲੰਬੇ ਸਮੇਂ ਤੋਂ ਲੰਬਿਤ ਮਾਮਲਿਆਂ ਵਿੱਚ ਸਹਾਰਾ ਇੰਡੀਆ ਕਮਰਸ਼ੀਅਲ ਕਾਰਪੋਰੇਸ਼ਨ ਲਿਮਟਿਡ (ਐਸ.ਆਈ.ਸੀ.ਸੀ.ਐਲ.) ਦੀ ਅੰਤਰਿਮ ਅਰਜ਼ੀ (ਆਈ.ਏ.) ਦੀ ਸੁਣਵਾਈ ਕੀਤੀ।
ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਦੀਆਂ ਦਲੀਲਾਂ ’ਤੇ ਵਿਚਾਰ ਕਰਦੇ ਹੋਏ, ਬੈਂਚ ਨੇ ਕੇਂਦਰੀ ਵਿੱਤ ਅਤੇ ਸਹਿਕਾਰਤਾ ਮੰਤਰਾਲਿਆਂ ਨੂੰ ਮੌਜੂਦਾ ਕਾਰਵਾਈ ਵਿੱਚ ਧਿਰ ਬਣਾਉਣ ਦਾ ਹੁਕਮ ਦਿੱਤਾ ਅਤੇ 17 ਨਵੰਬਰ ਤੱਕ ਪਟੀਸ਼ਨ ’ਤੇ ਉਨ੍ਹਾਂ ਤੋਂ ਜਵਾਬ ਮੰਗਿਆ।
ਬੈਂਚ ਨੇ ਸੀਨੀਅਰ ਵਕੀਲ ਸ਼ੇਖਰ ਨਾਫਾੜੇ ਨੂੰ ਸਹਾਰਾ ਫਰਮ ਦੁਆਰਾ ਅਡਾਨੀ ਸਮੂਹ ਦੀ ਕੰਪਨੀ ਨੂੰ ਵੇਚਣ ਲਈ ਪ੍ਰਸਤਾਵਿਤ 88 ਜਾਇਦਾਦਾਂ ਦੀ ਸੂਚੀ ਤਿਆਰ ਕਰਨ ਲਈ ਕਿਹਾ।
ਬੈਂਚ ਨੇ ਸਹਾਰਾ ਸਮੂਹ ਨੂੰ ਉਨ੍ਹਾਂ ਕਰਮਚਾਰੀਆਂ ਦੇ ਦਾਅਵਿਆਂ ਦੀ ਜਾਂਚ ਕਰਨ ਦਾ ਵੀ ਨਿਰਦੇਸ਼ ਦਿੱਤਾ, ਜਿਨ੍ਹਾਂ ਨੂੰ ਕਈ ਸਾਲਾਂ ਤੋਂ ਤਨਖਾਹਾਂ ਨਹੀਂ ਮਿਲੀਆਂ ਹਨ।
ਬੈਂਚ ਨੇ ਸਹਾਰਾ ਕੰਪਨੀ ਦੀ ਪਟੀਸ਼ਨ ’ਤੇ ਸੁਣਵਾਈ ਲਈ 17 ਨਵੰਬਰ ਦੀ ਤਰੀਕ ਤੈਅ ਕੀਤੀ।