ਸੌਰਭ ਭਾਰਦਵਾਜ ਵੱਲੋਂ ਭਾਜਪਾ ਵਿਰੁੱਧ ਪੈਦਲ ਯਾਤਰਾ
ਆਮ ਆਦਮੀ ਪਾਰਟੀ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਨੇ ਗ੍ਰੇਟਰ ਕੈਲਾਸ਼ ਅਸੈਂਬਲੀ ਵਿੱਚ ਸਥਿਤ ਚਿਰਾਗ ਦਿੱਲੀ ਵਿੱਚ ਪੈਦਲ ਯਾਤਰਾ ਕੀਤੀ। ਇਹ ਪੈਦਲ ਯਾਤਰਾ ਭਾਜਪਾ ਵੱਲੋਂ ਪਿਛਲੇ 10 ਸਾਲਾਂ ਤੋਂ ਲਗਾਤਾਰ ਫੈਲਾਏ ਜਾ ਰਹੇ ਕਥਿਤ ਝੂਠ ਦੇ ਵਿਰੋਧ ਵਿੱਚ ਕੱਢੀ ਗਈ। ਸੌਰਭ ਭਾਰਦਵਾਜ ਦੇ ਨਾਲ ਸੈਂਕੜੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਯਾਤਰਾ ਵਿੱਚ ਹਿੱਸਾ ਲਿਆ। ਇਸ ਮੌਕੇ ਸੌਰਭ ਭਾਰਦਵਾਜ ਨੇ ਲੋਕਾਂ ਨੂੰ ਦੱਸਿਆ ਕਿ ਕਿਵੇਂ ਭਾਰਤੀ ਜਨਤਾ ਪਾਰਟੀ ਨੇ ਵੱਖ-ਵੱਖ ਥਾਵਾਂ ’ਤੇ ਗਲੀਆਂ ਵਿੱਚ ਛੋਟੇ ਨੇਤਾ ਛੱਡ ਦਿੱਤੇ ਹਨ, ਉਨ੍ਹਾਂ ਛੋਟੇ ਭਾਜਪਾ ਨੇਤਾਵਾਂ ਨੇ ਸੌਰਭ ਭਾਰਦਵਾਜ ਬਾਰੇ ਝੂਠ ਫੈਲਾਇਆ ਸੀ ਕਿ ਸੌਰਭ ਭਾਰਦਵਾਜ ਨੇ ਭ੍ਰਿਸ਼ਟਾਚਾਰ ਕਰ ਕੇ ਗ੍ਰੇਟਰ ਕੈਲਾਸ਼ ਵਿੱਚ ਇੱਕ ਕੋਠੀ ਬਣਾਈ ਹੈ। ਸੌਰਭ ਭਾਰਦਵਾਜ ਨੇ ਪੈਦਲ ਯਾਤਰਾ ਦੌਰਾਨ ਐਲਾਨ ਕੀਤਾ ਕਿ ਮੇਰੀ ਇਸ ਕੋਠੀ ਦਾ ਪਤਾ ਦੱਸਣ ਵਾਲੇ ਵਿਅਕਤੀ ਨੂੰ 21 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਜੇ ਭਾਜਪਾ ਦੇ ਲੋਕਾਂ ਨੇ ਇਹ ਝੂਠ ਬੋਲਿਆ ਹੈ ਤਾਂ ਭਾਜਪਾ ਨੂੰ ਇਸ ਝੂਠ ਲਈ ਦੇਸ਼ ਦੇ ਲੋਕਾਂ ਤੋਂ ਮੁਆਫ਼ੀ ਮੰਗਣੀ ਪਵੇਗੀ। ਪਾਰਟੀ ਕਾਰਕੁਨਾਂ ਨੇ ਕਿਹਾ ਕਿ ਬੀਤੇ ਦਿਨ ਸੌਰਭ ਦੇ ਘਰ 19 ਘੰਟੇ ਚੱਲੇ ਈਡੀ ਦੇ ਛਾਪੇ ਦੌਰਾਨ, ਈਡੀ ਅਧਿਕਾਰੀਆਂ ਨੂੰ ਸੌਰਭ ਭਾਰਦਵਾਜ ਦੇ ਘਰ ਤੋਂ ਕੋਈ ਸਬੂਤ ਨਹੀਂ ਮਿਲਿਆ ਜੋ ਇਹ ਸਾਬਤ ਕਰਦਾ ਹੋਵੇ ਕਿ ਸੌਰਭ ਭਾਰਦਵਾਜ ਨੇ ਕਦੇ ਕੋਈ ਭ੍ਰਿਸ਼ਟਾਚਾਰ ਕੀਤਾ ਹੈ।