ED ਦੇ 18 ਘੰਟੇ ਦੇ ਛਾਪੇ ਤੋਂ ਬਾਅਦ ਵੀ ਸੌਰਭ ਭਾਰਦਵਾਜ 'ਅਡੋਲ' : ਸਿਸੋਦੀਆ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਬੁੱਧਵਾਰ ਨੂੰ ਪਾਰਟੀ ਦੇ ਦਿੱਲੀ ਇਕਾਈ ਦੇ ਪ੍ਰਧਾਨ ਸੌਰਭ ਭਾਰਦਵਾਜ ਨਾਲ ਮੁਲਾਕਾਤ ਕਰਨ ਉਪਰੰਤ ਕਿਹਾ ਕਿ ਉਹ 18 ਘੰਟੇ ਦੀ ਈ.ਡੀ. ਛਾਪੇਮਾਰੀ ਤੋਂ ਬਾਅਦ ਵੀ ਉਹ ਅਡੋਲ ਹਨ।
ਅਧਿਕਾਰਤ ਸੂਤਰਾਂ ਅਨੁਸਾਰ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮੰਗਲਵਾਰ ਨੂੰ ਦਿੱਲੀ ਦੀ ਪਿਛਲੀ 'ਆਪ' ਸਰਕਾਰ ਦੌਰਾਨ ਸਿਹਤ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਵਿੱਚ ਕਥਿਤ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਦੀ ਜਾਂਚ ਦੇ ਹਿੱਸੇ ਵਜੋਂ ਸਾਬਕਾ ਮੰਤਰੀ ਭਾਰਦਵਾਜ (45) ਅਤੇ ਕੁਝ ਨਿੱਜੀ ਠੇਕੇਦਾਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ।
ਚਿਰਾਗ ਦਿੱਲੀ ਵਿੱਚ ਭਾਰਦਵਾਜ ਦੇ ਘਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਸਿਸੋਦੀਆ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ, ‘‘ਮੇਰਾ ਭਰਾ ਸੌਰਭ ਭਾਰਦਵਾਜ 18 ਘੰਟੇ ਦੀ ਈ.ਡੀ. ਛਾਪੇਮਾਰੀ ਅਤੇ ਸਾਜ਼ਿਸ਼ਾਂ ਤੋਂ ਬਾਅਦ ਵੀ ਅਡੋਲ ਹੈ... ਉਸ ਦੀ ਹਿੰਮਤ ਅਤੇ ਦ੍ਰਿੜਤਾ ਸਾਡੇ ਲਈ ਪ੍ਰੇਰਨਾ ਹੈ। ਅਸੀਂ ਇੱਕ ਪਰਿਵਾਰ ਹਾਂ, ਅਤੇ ਜਦੋਂ ਤੱਕ ਅਸੀਂ ਇਕੱਠੇ ਖੜ੍ਹੇ ਹਾਂ, ਕੋਈ ਵੀ ਝੂਠ ਅਤੇ ਕੋਈ ਵੀ ਸਾਜ਼ਿਸ਼ ਸਾਨੂੰ ਤੋੜ ਨਹੀਂ ਸਕਦੀ।’’
ਸਿਸੋਦੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਕੱਲ੍ਹ ਈਡੀ ਨੇ ਛਾਪੇਮਾਰੀ ਦੇ ਨਾਂ ’ਤੇ ਡਰਾਮਾ ਕੀਤਾ। ਮੈਂ ਇਸ ਨੂੰ ਡਰਾਮਾ ਇਸ ਲਈ ਕਹਿੰਦਾ ਹਾਂ ਕਿਉਂਕਿ ਜਦੋਂ ਵੀ ਭਾਜਪਾ ਨੂੰ ਕਿਸੇ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਵਿਰੁੱਧ ਸਵਾਲ ਉੱਠਦੇ ਹਨ, ਤਾਂ ਈ.ਡੀ. ਲੋਕਾਂ ਦੇ ਘਰਾਂ 'ਤੇ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੰਦੀ ਹੈ। ਜਿਵੇਂ ਹੀ ਲੋਕਾਂ ਨੇ ਮੋਦੀ ਜੀ ਦੀ ਡਿਗਰੀ ਬਾਰੇ ਸਵਾਲ ਕਰਨੇ ਸ਼ੁਰੂ ਕੀਤੇ, ਉਨ੍ਹਾਂ ਨੇ ਇਹ ਝੂਠੀ ਛਾਪੇਮਾਰੀ ਕੀਤੀ।’’ -ਪੀਟੀਆਈ