ਸਰਦਾਰ ਪਟੇਲ ਨੇ ਦੇਸ਼ ਦੀ ਏਕਤਾ ਲਈ ਅਣਥੱਕ ਕੰਮ ਕੀਤਾ: ਰੇਖਾ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਸਰਦਾਰ ਵੱਲਭ ਭਾਈ ਪਟੇਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਦੇਸ਼ ਦੀ ਏਕਤਾ ਲਈ ਲਗਾਤਾਰ ਕੰਮ ਕੀਤਾ। ਸ੍ਰੀਮਤੀ ਗੁਪਤਾ ਨੇ ਆਪਣੇ ਮੰਤਰੀਆਂ ਮਨਜਿੰਦਰ ਸਿੰਘ ਸਿਰਸਾ ਅਤੇ ਪਰਵੇਸ਼ ਸਿੰਘ ਵਰਮਾ ਨਾਲ ਅੱਜ ਸਵੇਰੇ ਕਰਵਾਏ ‘ਰਨ ਫਾਰ ਯੂਨਿਟੀ’ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ, ‘‘ਸਰਦਾਰ ਪਟੇਲ ਨੂੰ ‘ਭਾਰਤ ਦਾ ਲੋਹ ਪੁਰਸ਼’ ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਦੇਸ਼ ਦੀ ਏਕਤਾ ਲਈ ਲਗਾਤਾਰ ਕੰਮ ਕੀਤਾ ਹੈ।’’
ਅੱਜ ਸਰਦਾਰ ਪਟੇਲ ਦੀ 150ਵੀਂ ਜੈਅੰਤੀ ਮੌਕੇ ਪੂਰੇ ਦੇਸ਼ ਵਿੱਚ ਸਮਾਗਮ ਕੀਤੇ ਜਾ ਰਹੇ ਹਨ।’’ ਮੁੱਖ ਮੰਤਰੀ ਨੇ ਕਿਹਾ, ‘‘ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ‘ਰਨ ਫਾਰ ਯੂਨਿਟੀ’ ਨੂੰ ਹਰੀ ਝੰਡੀ ਦਿਖਾਈ ਅਤੇ ਦਿੱਲੀ ਸਰਕਾਰ ਵੀ ਇਸ ਮੌਕੇ ਨੂੰ ਮਨਾਉਣ ਲਈ ਇੱਕ ਵਿਸ਼ਾਲ ਦੋ ਰੋਜ਼ਾ ਸਮਾਗਮ ਕਰਵਾ ਰਹੀ ਹੈ।’’ ਮੋਦੀ ਸਰਕਾਰ 2014 ਤੋਂ 31 ਅਕਤੂਬਰ ਨੂੰ ‘ਰਾਸ਼ਟਰੀ ਏਕਤਾ ਦਿਵਸ’ ਵਜੋਂ ਮਨਾਉਂਦੀ ਆ ਰਹੀ ਹੈ। ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਪਟੇਲ ਨੂੰ 550 ਤੋਂ ਵੱਧ ਰਿਆਸਤਾਂ ਨੂੰ ਭਾਰਤੀ ਸੰਘ ਵਿੱਚ ਜੋੜਨ ਦਾ ਸਿਹਰਾ ਦਿੱਤਾ ਜਾਂਦਾ ਹੈ।
ਸਰਦਾਰ ਪਟੇਲ ਦੀ 150ਵੀਂ ਜੈਅੰਤੀ ਨੂੰ ਮਨਾਉਣ ਲਈ ਦੇਸ਼ ਵਿੱਚ ਕੌਮੀ ਏਕਤਾ ਦਿਵਸ ਸਮਾਰੋਹ ਤਹਿਤ ਭਾਰਤ ਦੇ ਏਕੀਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਦਿਆਂ ਵੱਖ-ਵੱਖ ਸਮਾਗਮ ਕਰਵਾਏ ਜਾ ਰਹੇ ਹਨ।
ਮੀਡੀਆ ਨਾਲ ਗੱਲ ਕਰਦਿਆਂ ਮੁੱਖ ਮੰਤਰੀ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਵਿਸ਼ਵ ਕੱਪ ਸੈਮੀ ਫਾਈਨਲ ਵਿੱਚ ਜਿੱਤ ਲਈ ਵਧਾਈ ਵੀ ਦਿੱਤੀ। ਉਨ੍ਹਾਂ ਕਿਹਾ, ‘‘ਇਹ ਇੱਕ ਸ਼ਾਨਦਾਰ ਜਿੱਤ ਸੀ। ਮੈਂ ਉਨ੍ਹਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੀ ਹਾਂ।’’ ਭਾਰਤ ਨੇ ਵੀਰਵਾਰ ਨੂੰ ਨਵੀਂ ਮੁੰਬਈ ਵਿੱਚ ਰਿਕਾਰਡ ਜਿੱਤ ਨਾਲ ਸੱਤ ਵਾਰ ਦੀ ਚੈਂਪੀਅਨ ਆਸਟਰੇਲੀਆ ਨੂੰ ਹਰਾ ਕੇ ਤੀਜੀ ਵਾਰ ਮਹਿਲਾ ਇੱਕ ਰੋਜ਼ਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਥਾਂ ਬਣਾਈ ਹੈ।
ਰਾਸ਼ਟਰੀ ਏਕਤਾ ਦੀ ਸਹੁੰ ਚੁਕਾਈ
ਯਮੁਨਾਨਗਰ (ਦੇਵਿੰਦਰ ਸਿੰਘ): ਖੇਤੀ ਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੇ ਸੁਪਨਿਆਂ ਦੇ ਭਾਰਤ ਨੂੰ ਬਣਾਉਣ ਲਈ, ਨੌਜਵਾਨ ਪੀੜ੍ਹੀ ਨੂੰ ਨਿਰਸਵਾਰਥ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ। ਮੰਤਰੀ ਨੇ ਰਾਸ਼ਟਰੀ ਏਕਤਾ ਦੀ ਸਹੁੰ ਵੀ ਚੁਕਾਈ। ਜਗਾਧਰੀ ਦੇ ਪੁਲੀਸ ਸੁਪਰਡੈਂਟ ਅਤੇ ਐੱਸਡੀਐੱਮ ਨੇ ਮੁੱਖ ਮਹਿਮਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਅਤੇ ਵਿਸ਼ੇਸ਼ ਮਹਿਮਾਨ ਸਾਬਕਾ ਕੈਬਨਿਟ ਮੰਤਰੀ ਕੰਵਰਪਾਲ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਮਾਡਲ ਟਾਊਨ ਦੇ ਦੁਸਹਿਰਾ ਗਰਾਊਂਡ ਵਿਖੇ ਭਾਰਤ ਦੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜਯੰਤੀ ਮਨਾਉਣ ਲਈ ਜ਼ਿਲ੍ਹਾ ਪੱਧਰੀ ਰਨ ਫਾਰ ਯੂਨਿਟੀ ਪ੍ਰੋਗਰਾਮ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੌੜ ਵਿੱਚ ਸੈਂਕੜੇ ਖਿਡਾਰੀਆਂ, ਨੌਜਵਾਨਾਂ ਅਤੇ ਔਰਤਾਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਮਹਾਨ ਆਜ਼ਾਦੀ ਘੁਲਾਟੀਏ, ਸਰਦਾਰ ਵੱਲਭਭਾਈ ਪਟੇਲ ਨੇ ਸੁਤੰਤਰ ਭਾਰਤ ਵਿੱਚ 550 ਤੋਂ ਵੱਧ ਰਿਆਸਤਾਂ ਨੂੰ ਇੱਕਜੁੱਟ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ । ਇਹੀ ਕਾਰਨ ਹੈ ਕਿ ਲੋਹ ਪੁਰਸ਼ ਪਟੇਲ ਨੂੰ ਭਾਰਤੀ ਏਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
