ਸੰਜੀਵ ਅਰੋੜਾ ਵੱਲੋਂ ਸੀਆਈਐੱਸ ਦੇ ਰਾਜਦੂਤਾਂ ਨਾਲ ਗੋਲਮੇਜ਼ ਮੀਟਿੰਗਾਂ
6ਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ (ਪੀ.ਪੀ.ਆਈ.ਐੱਸ.) 2026 ਤੋਂ ਪਹਿਲਾਂ ਆਪਣੇ ਅੰਤਰਰਾਸ਼ਟਰੀ ਪਹੁੰਚ ਦੇ ਹਿੱਸੇ ਵਜੋਂ ਪੰਜਾਬ ਸਰਕਾਰ ਨੇ ਅੱਜ ਨਵੀਂ ਦਿੱਲੀ ਵਿਖੇ ਖਾੜੀ ਸਹਿਯੋਗ ਪਰੀਸ਼ਦ (ਜੀ.ਸੀ.ਸੀ.) ਦੇਸ਼ਾਂ ਅਤੇ ਸੁਤੰਤਰ ਰਾਜਾਂ ਦੇ ਰਾਸ਼ਟਰਮੰਡਲ (ਸੀ.ਆਈ.ਐੱਸ.) ਖੇਤਰ ਦੇ ਰਾਜਦੂਤਾਂ ਨਾਲ ਦੋ ਗੋਲਮੇਜ਼ ਮੀਟਿੰਗਾਂ ਕੀਤੀਆਂ।
ਇਨ੍ਹਾਂ ਮੀਟਿੰਗਾਂ ਦੀ ਪ੍ਰਧਾਨਗੀ ਉਦਯੋਗ ਅਤੇ ਵਣਜ, ਨਿਵੇਸ਼ ਪ੍ਰਮੋਸ਼ਨ, ਬਿਜਲੀ ਅਤੇ ਪ੍ਰਵਾਸੀ ਭਾਰਤੀ ਮਾਮਲੇ ਬਾਰੇ ਮੰਤਰੀ ਸੰਜੀਵ ਅਰੋੜਾ ਨੇ ਕੀਤੀ ਅਤੇ ਮੀਟਿੰਗਾਂ ਵਿੱਚ ਰਾਜਦੂਤਾਂ, ਸੀਨੀਅਰ ਕੂਟਨੀਤਕ ਨੁਮਾਇੰਦਿਆਂ, ਵਿਦੇਸ਼ ਮੰਤਰਾਲੇ (ਐਮਈਏ) ਦੇ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।
ਜੀ.ਸੀ.ਸੀ. ਗੋਲਮੇਜ਼ ਮੀਟਿੰਗ ਵਿੱਚ ਕੁਵੈਤ, ਓਮਾਨ, ਕਤਰ ਅਤੇ ਬਹਿਰੀਨ ਦੇ ਰਾਜਦੂਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਜੀ.ਸੀ.ਸੀ. ਰਾਜਦੂਤਾਂ ਨੇ ਪੰਜਾਬ ਦੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ। ਇਸ ਦੌਰਾਨ ਸੰਬੋਧਨ ਕਰਦੇ ਹੋਏ, ਮੰਤਰੀ ਸੰਜੀਵ ਅਰੋੜਾ ਨੇ ਪੰਜਾਬ ਦੇ ਪ੍ਰਗਤੀਸ਼ੀਲ ਸੁਧਾਰਾਂ 'ਤੇ ਚਾਨਣਾ ਪਾਇਆ ਅਤੇ ਜੀ.ਸੀ.ਸੀ. ਅਤੇ ਸੀਆਈਐਸ ਮੈਂਬਰ ਦੇਸ਼ਾਂ ਨੂੰ ਨਿਰਮਾਣ ਅਤੇ ਸੇਵਾਵਾਂ ਲਈ ਪੰਜਾਬ ਨੂੰ ਪਹਿਲੀ ਪਸੰਦ ਵਜੋਂ ਚੁਣਨ ਅਤੇ ਇਨਵੈਸਟ ਪੰਜਾਬ ਰਾਹੀਂ ਖੇਤਰ -ਵਿਸ਼ੇਸ਼ ਭਾਈਵਾਲੀ ਨੂੰ ਅਕਰਸ਼ਿਤ ਕਰਨ ਲਈ ਉਤਸ਼ਾਹਿਤ ਕੀਤਾ।
