ਲੁਟੇਰਿਆਂ ਵੱਲੋਂ ਚਾਕੂ ਮਾਰ ਸੇਲਜ਼ਮੈਨ ਦਾ ਕਤਲ
ਪੂਰਬੀ ਦਿੱਲੀ ਦੇ ਦਿਲਸ਼ਾਦ ਗਾਰਡਨ ਖੇਤਰ ਦੇ ਇੱਕ ਪਾਰਕ ਵਿੱਚ ਲੁਟੇਰਿਆਂ ਨੇ 24 ਸਾਲਾ ਸੇਲਜ਼ਮੈਨ ਦਾ ਕਥਿਤ ਤੌਰ ’ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ। ਗੁਰੂ ਤੇਗ ਬਹਾਦਰ (ਜੀ ਟੀ ਬੀ) ਹਸਪਤਾਲ ਦੇ ਅਧਿਕਾਰੀਆਂ ਨੇ ਸੀਮਾਪੁਰੀ ਪੁਲੀਸ ਸਟੇਸ਼ਨ ਵਿੱਚ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ। ਅਧਿਕਾਰੀ ਨੇ ਕਿਹਾ ਕਿ ਸਥਾਨਕ ਨਿਵਾਸੀ ਵੀਰੇਸ਼ ਦੇ ਸਰੀਰ ’ਤੇ ਚਾਕੂ ਨਾਲ ਤਿੰਨ ਵਾਰ ਹਮਲਾ ਕੀਤਾ ਗਿਆ ਹੈ, ਜਿਸ ਕਾਰਨ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਸ ਦੀ ਗਰਦਨ ’ਤੇ, ਪੇਟ ’ਤੇ ਅਤੇ ਛਾਤੀ ’ਤੇ ਚਾਕੂ ਦੇ ਜ਼ਖ਼ਮ ਸਨ। ਜ਼ਖਮੀ ਵੀਰੇਸ਼ ਦੀ ਇਲਾਜ ਦੌਰਾਨ ਮੌਤ ਹੋ ਗਈ। ਅਧਿਕਾਰੀ ਨੇ ਕਿਹਾ ਕਿ ਵੀਰੇਸ਼ ਦੀ ਮੌਤ ਤੋਂ ਬਾਅਦ ਪੁਲੀਸ ਨੇ ਕਤਲ ਦਾ ਮਾਮਲਾ ਦਰਜ ਕੀਤਾ।
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵੀਰੇਸ਼ ਇੱਕ ਮਹਿਲਾ ਦੋਸਤ ਨਾਲ ਦਿਲਸ਼ਾਦ ਗਾਰਡਨ ਦੇ ਡੀਅਰ ਪਾਰਕ ਗਿਆ ਸੀ ਜਦੋਂ ਉਸ ’ਤੇ ਹਮਲਾ ਕੀਤਾ ਗਿਆ ਸੀ। ਮੌਕੇ ’ਤੇ ਮੌਜੂਦ ਭਾਵਨਾ ਨਾਂ ਦੀ ਮਹਿਲਾ ਨੇ ਪੁਲੀਸ ਨੂੰ ਦੱਸਿਆ ਕਿ ਕੁਝ ਵਿਅਕਤੀਆਂ ਨੇ ਉਨ੍ਹਾਂ ਨਾਲ ਲੁੱਟ ਕੀਤੀ। ਜਦੋਂ ਵੀਰੇਸ਼ ਨੇ ਡਕੈਤੀ ਦਾ ਵਿਰੋਧ ਕੀਤਾ ਤਾਂ ਉਸ ਨੂੰ ਚਾਕੂ ਮਾਰ ਦਿੱਤਾ ਗਿਆ। ਪੁਲੀਸ ਦਾ ਕਹਿਣਾ ਹੈ ਕਿ ਉਹ ਜਾਂਚ ਕਰ ਰਹੇ ਹਨ ਕਿ ਇਹ ਘਟਨਾ ਡਕੈਤੀ ਕਾਰਨ ਹੋਈ ਹੈ, ਜਾਂ ਕਿਸੇ ਰੰਜਿਸ਼ ਦਾ ਹਿੱਸਾ ਹੈ। ਪੁਲੀਸ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਨੇੜਲੇ ਇਲਾਕਿਆਂ ਤੋਂ ਸੀ ਸੀ ਟੀ ਵੀ ਤਸਵੀਰਾਂ ਇਕੱਠੀਆਂ ਕੀਤੀਆਂ। ਪੁਲੀਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਤੋਂ ਬਾਅਦ ਉਸ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।