ਸਾਰੇ ਵਿਵਾਦ ਦੀ ਜੜ੍ਹ RSS, ਲੱਗਣਾ ਚਾਹੀਦਾ ਬੈਨ ; ਮੱਲਿਕਾਰਜੁਨ ਖੜਗੇ ਨੇ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਿਆ
ਦੇਸ਼ ਵਿੱਚ ਕਾਨੂੰਨ ਵਿਵਸਥਾ ਦੀਆਂ ਸਮੱਸਿਆਵਾਂ ਨੂੰ ਲੈ ਕੇ ਦੱਸਿਆ ਜ਼ਿੰਮੇਵਾਰ
ਬਿਹਾਰ ਚੋਣਾਂ ਦਰਮਿਆਨ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ’ਤੇ ਦੁਬਾਰਾ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਕਿਉਂਕਿ ਇਹ ਦੇਸ਼ ਵਿੱਚ ਜ਼ਿਆਦਾਤਰ ਕਾਨੂੰਨ ਵਿਵਸਥਾ ਦੀਆਂ ਸਮੱਸਿਆਵਾਂ ਲਈ ਜ਼ਿੰਮੇਵਾਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹਨ।
ਕਾਂਗਰਸ ਪ੍ਰਧਾਨ ਨੇ ਇਹ ਵੀ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਝੂਠ ਨੂੰ ਸੱਚ ਵਿੱਚ ਬਦਲਣ ਵਿੱਚ ਮਾਹਰ ਹਨ। ਉਨ੍ਹਾਂ ਕਿਹਾ ਕਿ ਪਟੇਲ ਨੇ ਭਾਰਤ ਦੇ ਧਰਮ ਨਿਰਪੱਖ ਅਤੇ ਲੋਕਤੰਤਰੀ ਚਰਿੱਤਰ ਦੀ ਰੱਖਿਆ ਲਈ ਆਰਐਸਐਸ ’ਤੇ ਪਾਬੰਦੀ ਲਗਾਈ ਸੀ।
ਉਨ੍ਹਾਂ ਕਿਹਾ , “ਜੇਕਰ ਤੁਸੀਂ ਹਰ ਚੀਜ਼ ਲਈ ਕਾਂਗਰਸ ਨੂੰ ਦੋਸ਼ੀ ਠਹਿਰਾਉਂਦੇ ਹੋ, ਤਾਂ ਆਪਣੇ ਕੰਮਾਂ ਵੱਲ ਦੇਖੋ।”
ਖੜਗੇ ਨੇ ਕਿਹਾ, “ ਤੁਸੀਂ ਸੱਚ ਨੂੰ ਮਿਟਾਉਣ ਦੀ ਜਿੰਨੀ ਮਰਜ਼ੀ ਕੋਸ਼ਿਸ਼ ਕਰੋ, ਇਹ ਮਿਟੇਗਾ ਨਹੀਂ। ਉਹ (ਪ੍ਰਧਾਨ ਮੰਤਰੀ ਅਤੇ ਭਾਜਪਾ) ਹਮੇਸ਼ਾ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ, ਪੰਡਿਤ ਜਵਾਹਰ ਲਾਲ ਨਹਿਰੂ ਅਤੇ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ, ਸਰਦਾਰ ਵੱਲਭਭਾਈ ਪਟੇਲ ਵਿਚਕਾਰ ਟਕਰਾਅ ਨੂੰ ਦਰਸਾਉਣ ਦੀ ਕੋਸ਼ਿਸ਼ ਕਰਦੇ ਹਨ । ਨਹਿਰੂ ਅਤੇ ਪਟੇਲ ਦੇ ਬਹੁਤ ਚੰਗੇ ਸਬੰਧ ਸਨ ਅਤੇ ਪਟੇਲ ਨੇ ਨਹਿਰੂ ਨੂੰ ਲੋਕਾਂ ਦਾ ਨੇਤਾ ਦੱਸਿਆ ਸੀ।”
ਉਨ੍ਹਾਂ ਕਿਹਾ, “ ਮੈਂ ਭਾਜਪਾ ਨੂੰ ਕਹਿਣਾ ਚਾਹੁੰਦਾ ਹਾਂ ਹਰ ਕੋਈ ਤੁਹਾਡਾ ਇਤਿਹਾਸ ਜਾਣਦਾ ਹੈ। ਨਹਿਰੂ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਗੁਜਰਾਤ ਵਿੱਚ ਪਟੇਲ ਦੀ ਮੂਰਤੀ ਦਾ ਉਦਘਾਟਨ ਕੀਤਾ ਅਤੇ ਸਰਦਾਰ ਸਰੋਵਰ ਡੈਮ ਦਾ ਨੀਂਹ ਪੱਥਰ ਰੱਖਿਆ।”

