ਸ਼ਹੀਦੀ ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਨੌਵੇਂ ਗੁਰੂ ਤੇਗ਼ ਬਹਾਦਰ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮਾਂ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਇਸ ਸਬੰਧੀ ਕਮੇਟੀ ਦੇ ਕਾਨਫਰੰਸ ਹਾਲ ਵਿੱਚ ਮੈਂਬਰਾਂ ਅਤੇ ਉੱਚ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿੱਚ ਆਉਣ ਵਾਲੇ ਨਗਰ ਕੀਰਤਨਾਂ ਅਤੇ ਸਮਾਗਮਾਂ ਦੀ ਰੂਪ-ਰੇਖਾ ’ਤੇ ਵਿਸਤਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਲਕਾ ਨੇ ਕਿਹਾ ਕਿ ਦਿੱਲੀ ਕਮੇਟੀ ਗੁਰੂ ਸਾਹਿਬ ਦੇ ਧਰਮ ਅਤੇ ਮਨੁੱਖਤਾ ਲਈ ਦਿੱਤੇ ਬੇਮਿਸਾਲ ਬਲਿਦਾਨ ਦੀ ਯਾਦ ਵਿੱਚ ਇਤਿਹਾਸਕ ਪੱਧਰ ’ਤੇ ਵੱਖ-ਵੱਖ ਧਾਰਮਿਕ ਸਮਾਗਮ ਕਰਵਾਉਣ ਅਤੇ ਨਗਰ ਕੀਰਤਨ ਸਜਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ, ‘ਇਹ ਸ਼ਤਾਬਦੀ ਸਿਰਫ਼ ਇੱਕ ਸਮਾਗਮ ਨਹੀਂ ਹੋਵੇਗੀ, ਸਗੋਂ ਇਹ ਗੁਰੂ ਸਾਹਿਬ ਦੀ ਉਸ ਮਹਾਨ ਕੁਰਬਾਨੀ ਨੂੰ ਸ਼ਰਧਾਂਜਲੀ ਹੋਵੇਗੀ, ਜਿਸ ਨੇ ਸਾਨੂੰ ਧਰਮ ਦੀ ਰੱਖਿਆ ਅਤੇ ਜ਼ੁਲਮ ਵਿਰੁੱਧ ਡਟਣ ਦਾ ਰਾਹ ਦਿਖਾਇਆ।’
ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਗਮਾਂ ਤਹਿਤ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਤੋਂ ਵਿਸ਼ਾਲ ਨਗਰ ਕੀਰਤਨ ਸਜਾਏ ਜਾਣਗੇ, ਜਿਨ੍ਹਾਂ ਦੇ ਰੂਟ, ਸੁਰੱਖਿਆ ਅਤੇ ਲੰਗਰ ਦੇ ਪ੍ਰਬੰਧਾਂ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗੁਰਮਤਿ ਸਮਾਗਮ, ਕੀਰਤਨ ਦਰਬਾਰ, ਕਵੀ ਦਰਬਾਰ ਅਤੇ ਸੈਮੀਨਾਰ ਵੀ ਕਰਵਾਏ ਜਾਣਗੇ, ਜਿਨ੍ਹਾਂ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਦੇ ਜੀਵਨ, ਫਲਸਫੇ ਅਤੇ ਲਾਸਾਨੀ ਸ਼ਹਾਦਤ ਨਾਲ ਜੋੜਨਾ ਹੋਵੇਗਾ। ਕਾਲਕਾ ਨੇ ਵਿਸ਼ਵਾਸ ਪ੍ਰਗਟਾਇਆ ਕਿ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਸ਼ਤਾਬਦੀ ਸਮਾਗਮ ਇਤਿਹਾਸਕ ਪੱਧਰ ’ਤੇ ਮਨਾਏ ਜਾਣਗੇ, ਜਿੱਥੇ ਸ਼ਰਧਾ, ਸੇਵਾ ਅਤੇ ਸਾਂਝ ਦੀ ਆਤਮਕ ਭਾਵਨਾ ਹਮੇਸ਼ਾ ਵਾਂਗ ਚੜ੍ਹਦੀ ਕਲਾ ਵਿੱਚ ਰਹੇਗੀ। ਉਨ੍ਹਾਂ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਤਾਂ ਜੋ ਗੁਰੂ ਸਾਹਿਬ ਦੇ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਇਆ ਜਾ ਸਕੇ।
