ਦਿੱਲੀ ਦੀ ਅਫਸਰਸ਼ਾਹੀ ’ਚ ਫੇਰਬਦਲ: ਆਈਏਐੱਸ ਅਧਿਕਾਰੀ ਮਧੂ ਸਿੰਘ ਟਿਓਟੀਆ ਮੁੱਖ ਮੰਤਰੀ ਦੀ ਸਕੱਤਰ ਨਿਯੁਕਤ
ਨਵੀਂ ਦਿੱਲੀ, 27 ਫਰਵਰੀ
Bureaucratic reshuffle in Delhi ਦਿੱਲੀ ਵਿਚ ਭਾਜਪਾ ਦੀ ਸਰਕਾਰ ਬਣਨ ਮਗਰੋਂ ਅਫ਼ਸਰਸ਼ਾਹੀ ਵਿਚ ਵੱਡੇ ਫੇਰਬਦਲ ਤਹਿਤ 2008 ਬੈਚ ਦੀ ਆਈਏਐੱਸ ਅਧਿਕਾਰੀ ਮਧੂ ਰਾਣੀ ਟਿਓਟੀਆ ਨੂੰ ਮੁੱਖ ਮੰਤਰੀ ਰੇਖਾ ਗੁਪਤਾ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਹ ਫੇਰਬਦਲ ਉਪ ਰਾਜਪਾਲ ਵੀਕੇ ਸਕਸੈਨਾ ਅਧੀਨ ਆਉਂਦੇ ਸੇਵਾਵਾਂ ਵਿਭਾਗ ਵੱਲੋਂ ਕੀਤਾ ਗਿਆ ਹੈ।
ਟਿਓਟੀਆ ਇਸ ਤੋਂ ਪਹਿਲਾਂ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਧੀਨ ਕੌਮੀ ਸਿਹਤ ਅਥਾਰਿਟੀ ਵਿਚ ਵਧੀਕ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਸੇਵਾਵਾਂ ਨਿਭਾ ਰਹੇ ਸਨ। ਦਿੱਲੀ ਸਰਕਾਰ ਦੇ ਸੇਵਾਵਾਂ ਵਿਭਾਗ ਵੱਲੋਂ ਜਾਰੀ ਤਬਾਦਲਾ ਹੁਕਮ ਮੁਤਾਬਕ 2011 ਬੈਚ ਦੇ ਏਜੀਐੱਮਯੂਟੀ ਕੇਡਰ ਦੇ ਆਈਏਐੱਸ ਅਧਿਕਾਰੀ ਸੰਦੀਪ ਕੁਮਾਰ ਸਿੰਘ ਤੇ ਰਵੀ ਝਾਅ ਮੁੱਖ ਮੰਤਰੀ ਦੇ ਵਿਸ਼ੇਸ਼ ਸਕੱਤਰਾਂ ਵਜੋਂ ਸੇਵਾਵਾਂ ਨਿਭਾਉਣਗੇ। ਝਾਅ ਇਸ ਵੇਲੇ ਦਿੱਲੀ ਦੇ ਐਕਸਾਈਜ਼ ਕਮਿਸ਼ਨਰ ਵਜੋਂ ਸੇਵਾਵਾਂ ਨਿਭਾ ਰਹੇ ਹਨ ਜਦੋਂਕਿ ਸਿੰਘ ਜੋ ਬਾਹਰ ਤਾਇਨਾਤ ਹਨ, ਦਿੱਲੀ ਸਰਕਾਰ ਨਾਲ ਕੰਮ ਕਰਨਗੇ। ਸਿੰਘ ਸਭਿਆਚਾਰ ਤੇ ਸੈਰ ਸਪਾਟਾ ਵਿਭਾਗ ਦੇ ਕੇਂਦਰੀ ਮੰਤਰੀ ਦੇ ਨਿੱਜੀ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੇ ਹਨ।
ਇਸੇ ਤਰ੍ਹਾਂ 2007 ਬੈਚ ਦੇ ਆਈਏਐੱਸ ਅਧਿਕਾਰੀ ਅਜ਼ੀਮੁਲ ਹੱਕ ਨੂੰ ਦਿੱਲੀ ਵਕਫ਼ ਬੋਰਡ ਦਾ ਸੀਈਓ ਲਾਇਆ ਗਿਆ ਹੈ ਜਦੋਂਕਿ ਦਿੱਲੀ ਜਲ ਬੋਰਡ ਵਿਚ ਦੇ ਮੈਂਬਰ (ਪ੍ਰਸ਼ਾਸਨ) ਦਾ ਵਧੀਕ ਚਾਰਜ 2014 ਬੈਚ ਦੇ ਸਚਿਨ ਰਾਣਾ ਨੂੰ ਦਿੱਤਾ ਗਿਆ ਹੈ। -ਪੀਟੀਆਈ