ਨਾਰੀਵਾਦੀ ਚਿੰਤਕਾਂ ਬਾਰੇ ਖੋਜ ਪੱਤਰ ਪੇਸ਼
ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਮਹੀਨਾਵਾਰ ‘ਸਾਹਿਤ ਸੰਵਾਦ : ਚਿੰਤਕ ਲੜੀ’ ਤਹਿਤ ਸਮਾਗਮ ਦਾ ਆਯੋਜਨ ਕਰਵਾਇਆ ਗਿਆ, ਜਿਸ ਵਿੱਚ ਵਿਭਾਗ ਦੇ ਖੋਜਾਰਥੀਆਂ ਨੇ ਤਿੰਨ ਉੱਘੇ ਨਾਰੀਵਾਦੀ ਚਿੰਤਕਾਂ ਬਾਰੇ ਖੋਜ-ਪੱਤਰ ਪ੍ਰਸਤੁਤ ਕੀਤੇ। ਪ੍ਰੋ. ਕੁਲਵੀਰ ਗੋਜਰਾ ਨੇ ਸਵਾਗਤੀ ਸ਼ਬਦ ਕਹਿੰਦਿਆਂ ਜਾਣਕਾਰੀ ਸਾਂਝੀ ਕੀਤੀ ਕਿ ਵਿਭਾਗ ਵਿਚ 18-19 ਨਵੰਬਰ ਨੂੰ ‘ਪਾਪੂਲਰ ਪੰਜਾਬੀ ਸਭਿਆਚਾਰ’ ਵਿਸ਼ੇ ’ਤੇ ਦੋ ਰੋਜ਼ਾ ਕੌਮੀ ਸੈਮੀਨਾਰ ਕਰਵਾਇਆ ਜਾਵੇਗਾ। ਸਮਾਗਮ ਦੇ ਕੋਆਰਡੀਨੇਟਰ ਡਾ. ਰਜਨੀ ਬਾਲਾ ਨੇ ਨਾਰੀਵਾਦ ਨਾਲ ਮੁੱਢਲੀ ਜਾਣ-ਪਛਾਣ ਕਰਵਾਈ। ਉਪਰੰਤ ਵਿਭਾਗ ਦੀ ਖੋਜਾਰਥੀ ਰਾਜਵੀਰ ਨੇ ਨਾਰੀਵਾਦੀ ਚਿੰਤਕ ਵਰਜੀਨੀਆ ਵੁਲਫ਼ ਦੀ ਜੀਵਨੀ ਨੁਮਾ ਲਿਖਤ ‘ਏ ਰੂਮ ਆਫ ਵਨਜ਼ ਓਨ’ ਦੇ ਹਵਾਲੇ ਨਾਲ ਆਪਣਾ ਖੋਜ-ਪੱਤਰ ਪੇਸ਼ ਕੀਤਾ। ਦੂਜਾ ਖੋਜ-ਪੱਤਰ ਕਿਰਨਦੀਪ ਕੌਰ ਨੇ ਪੇਸ਼ ਕੀਤਾ ਜਿਸ ਵਿਚ ਉਸ ਨੇ ਸੀਮੋਨ ਦਿ ਬੁਆਰ ਦੀ ਲਿਖਤ ‘ਦਿ ਸੈਕੰਡ ਸੈਕਸ’ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਆਖ਼ਰੀ ਖੋਜ-ਪੱਤਰ ਸੰਦੀਪ ਸ਼ਰਮਾ ਨੇ ਪੇਸ਼ ਕੀਤਾ ਜੋ ਕਿ ਜੂਲੀਆ ਕ੍ਰਿਸਤੀਵਾ ਅਤੇ ਸੀਮੋਨ ਦਿ ਬੁਆਰ ਦੇ ਪ੍ਰਸੰਗ ਵਿੱਚ ਸੀ। ਉਨ੍ਹਾਂ ਕਿਹਾ ਕਿ ਨਾਰੀਵਾਦ ਆਤਮ ਦੀ ਗੱਲ ਕਰਦਾ ਹੈ। ਨਾਰੀਵਾਦੀ ਚਿੰਤਨ ਸੀਮੋਨ ਦੀ ਬੁਆਰ ਅਤੇ ਜੂਲੀਆ ਕ੍ਰਿਸਤੇਵਾ ਰਾਹੀਂ ਆਪਣੀ ਦਾਰਸ਼ਨਿਕਤਾ ਨੂੰ ਨਵਿਆਉਂਦਾ ਹੈ। ਬੁਆਰ ਨਾਰੀਵਾਦ ਨੂੰ ਉਸ ਦੀ ਸਮਾਜਿਕਤਾ ਤੇ ਕੂਟਨੀਤਕ ਰਮਜ਼ਾਂ ਵਿੱਚੋਂ ਪਛਾਣਦੀ ਹੈ ਜਦਕਿ ਕ੍ਰਿਸਤੀਵਾ ਨਾਰੀ ਦੇ ਆਤਮ ਨੂੰ ਮਨੋਵਿਸ਼ਲੇਸ਼ਣੀ ਵਿਧਾਨ ਵਿੱਚੋਂ ਸਮਝਦੀ ਹੈ। ਪ੍ਰੋਗਰਾਮ ਦੇ ਅਖ਼ੀਰ ਵਿੱਚ ਡਾ. ਰਜਨੀ ਬਾਲਾ ਨੇ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਰਵੀ ਰਵਿੰਦਰ, ਪ੍ਰੋ. ਬਲਜਿੰਦਰ ਨਸਰਾਲੀ, ਡਾ. ਨਛੱਤਰ ਸਿੰਘ, ਡਾ. ਯਾਦਵਿੰਦਰ ਸਿੰਘ, ਡਾ. ਰੰਜੂ ਬਾਲਾ ਆਦਿ ਮੌਜੂਦ ਸਨ।
