ਭਾਪਾ ਪ੍ਰੀਤਮ ਸਿੰਘ ਵਾਲਾ ਸਮਾਂ ਯਾਦ ਕੀਤਾ
ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਵੱਲੋਂ ਪੰਜਾਬੀ ਭਵਨ ਵਿੱਚ 20ਵਾਂ ਭਾਪਾ ਪ੍ਰੀਤਮ ਸਿੰਘ ਯਾਦਗਾਰੀ ਭਾਸ਼ਣ ਸਬੰਧੀ ਸਮਾਗਮ ਕਰਵਾਇਆ ਗਿਆ। ਸ਼ੁਰੂਆਤ ਵਿੱਚ ਸਭਾ ਦੇ ਡਾਇਰੈਕਟਰ ਕੇਸਰਾ ਰਾਮ ਨੇ ਭਾਪਾ ਪ੍ਰੀਤਮ ਸਿੰਘ ’ਤੇ ਯਾਦਗਾਰੀ ਭਾਸ਼ਣ ਦੀ ਰੂਪਰੇਖਾ ਤੇ ਪਿਛੋਕੜ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਭਾਪਾ ਪ੍ਰੀਤਮ ਸਿੰਘ ਦਾ ਸੁਫਨਾ ਸੀ ਕਿ ਦਿੱਲੀ ਵਿੱਚ ਪੰਜਾਬੀ ਲੇਖਕਾਂ ਲਈ ਇੱਕ ਅਜਿਹਾ ਕੇਂਦਰ ਹੋਵੇ, ਜਿੱਥੇ ਉਹ ਪੰਜਾਬੀ ਭਾਸ਼ਾ ਤੇ ਸਾਹਿਤ ’ਤੇ ਗੱਲਬਾਤ ਤੇ ਗੋਸ਼ਟੀਆਂ ਕਰ ਸਕਣ। ਉਨ੍ਹਾਂ ਸਦਕਾ ਉਹ ਸੁਫਨਾ ‘ਪੰਜਾਬੀ ਭਵਨ’ ਦੇ ਰੂਪ ਵਿੱਚ ਸਾਕਾਰ ਹੋਇਆ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ 2005 ਵਿੱਚ ਸ਼ੁਰੂ ਕੀਤੀ ਗਈ ਯਾਦਗਾਰੀ ਭਾਸ਼ਣ ਲੜੀ ਦੇ ਤਹਿਤ ਇਸ ਸਾਲ 20ਵਾਂ ਭਾਸ਼ਣ ਸਬੰਧੀ ਸਮਾਗਮ ਕਰਵਾਇਆ ਗਿਆ। ਸਭਾ ਦੀ ਚੇਅਰਪਰਸਨ ਪ੍ਰੋ. ਰੇਣੁਕਾ ਸਿੰਘ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਭਾਪਾ ਜੀ ਤੋਂ ਅਸੀਂ ਕੰਮ ਕਰਨਾ ਤੇ ਵੰਡ ਛਕਣਾ ਸਿੱਖਿਆ ਹੈ। ਉਹ ਗੁਰਬਾਣੀ ਨੂੰ ਸਿਰਫ ਜਪਦੇ ਹੀ ਨਹੀਂ ਸਗੋਂ ਆਪਣੀ ਕਾਰਜ ਸ਼ੈਲੀ ਵਿੱਚ ਵੀ ਜੀਵੰਤ ਰੱਖਦੇ ਸਨ।
ਉੱਘੇ ਕਹਾਣੀਕਾਰ ਸੁਕੀਰਤ ਨੇ ਭਾਪਾ ਜੀ ਨਾਲ ਆਪਣੇ ਇੰਟਰਵਿਊ ਦੇ ਹਵਾਲੇ ਨਾਲ ਯਾਦਗਾਰੀ ਭਾਸ਼ਣ ਦਿੰਦਿਆਂ ਕਿਹਾ ਕਿ ਭਾਪਾ ਜੀ ਦਾ ਸਮਾਂ ਦੇਵ ਕੱਦ ਲੋਕਾਂ ਦਾ ਸਮਾਂ ਸੀ। ਉਦੋਂ ਲੋਕ ਅਹੁਦਿਆਂ ਨਾਲ ਨਹੀਂ, ਸਗੋਂ ਆਪਣੇ ਕੰਮਾਂ ਨਾਲ ਜਾਣੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਭਾਪਾ ਜੀ ਭਾਸ਼ਾ ਦੇ ਮਹੱਤਵ ਨੂੰ ਡੂੰਘਾਈ ਨਾਲ ਸਮਝਦੇ ਸਨ। ਪ੍ਰੋਗਰਾਮ ਵਿੱਚ ਪਹੁੰਚੇ ਸਾਰੇ ਵਿਦਵਾਨਾਂ ਦਾ ਧੰਨਵਾਦ ਕਰਦਿਆਂ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਪ੍ਰੋ. ਗੁਲਜ਼ਾਰ ਸਿੰਘ ਸੰਧੂ ਨੇ ਦੱਸਿਆ ਕਿ ਉਹ 1953 ਵਿੱਚ ਦਿੱਲੀ ਆਏ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦੀ ਮੁਲਾਕਾਤ ਭਾਪਾ ਪ੍ਰੀਤਮ ਸਿੰਘ ਨਾਲ ਹੋਈ ਸੀ। ਇਸ ਮੌਕੇ ਪ੍ਰੋ. ਰਵੇਲ ਸਿੰਘ, ਡਾ. ਵਨੀਤਾ, ਪ੍ਰੋ. ਕੁਲਵੀਰ ਗੋਜਰਾ, ਡਾ. ਕੰਵਰਜੀਤ ਸਿੰਘ ਚਾਵਲਾ, ਪ੍ਰੋ. ਭਗਵਾਨ ਜੋਸ਼, ਭਾਈ ਵੀਰ ਸਿੰਘ ਸਾਹਿਤ ਸਦਨ ਦੇ ਡਾਇਰੈਕਟਰ ਜਨਰਲ ਡਾ. ਮਹਿੰਦਰ ਸਿੰਘ, ਹਰਵਿੰਦਰ ਸਿੰਘ ਭਾਟੀਆ, ਅਮਨਦੀਪ ਸਿੰਘ, ਰੂਪ ਸਿੰਘ ਸਮੇਤ ਖੋਜਾਰਥੀ, ਵਿਦਿਆਰਥੀ ਤੇ ਪ੍ਰਕਾਸ਼ਨ ਜਗਤ ਦੇ ਕੁਝ ਨੁਮਾਇੰਦੇ ਵੀ ਹਾਜ਼ਰ ਸਨ।
